ਲੱਕੜ ਮੰਡੀ ਨੌਸ਼ਹਿਰਾ ਵਿਖੇ ਤਿੰਨ ਦਿਨਾਂ ਤੋਂ ਲੱਗਾ ਧਰਨਾ ਮੰਤਰੀ ਭਰੋਸੇ ਮਗਰੋਂ ਖ਼ਤਮ ਲੱਕੜ ਮੰਡੀ ਨੌਸ਼ਹਿਰਾ ਵਿਖੇ ਤਿੰਨ ਦਿਨਾਂ ਤੋਂ ਲੱਗਾ ਧਰਨਾ ਮੰਤਰੀ ਭਰੋਸੇ ਮਗਰੋਂ ਖ਼ਤਮ
Publish Date: Sat, 21 Nov 2026 04:26 PM (IST)
Updated Date: Sat, 21 Nov 2026 04:28 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਕਸਬਾ ਹਰਿਆਣਾ ਦੇ ਨਾਲ ਲੱਗਦੀ ਲੱਕੜ ਮੰਡੀ ਨੌਸ਼ਹਿਰਾ ਵਿਖੇ ਕੂੜੇ ਦਾ ਡੰਪ ਬਣਾਉਣ ਦੇ ਵਿਰੋਧ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਇਆ ਜਾ ਰਿਹਾ ਅੱਜ ਵਿਧਾਇਕ ਤੇ ਮੰਤਰੀ ਡਾ ਰਵਜੋਤ ਦੇ ਭਰੋਸੇ ਤੋਂ ਬਾਅਦ ਖ਼ਤਮ ਹੋ ਗਿਆ। ਇਸ ਧਰਨੇ ਵਿੱਚ ਪਿੰਡ ਨੌਸ਼ਹਿਰਾ, ਪਿੰਡ ਬੱਸੀ ਬਜੀਦ, ਭਲਿਆਲਾ, ਲਾਲਪੁਰ ਅਤੇ ਫਤਿਹਪੁਰ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਲੋਕਾਂ ਨੇ ਕਿਹਾ ਕਿ ਇਸ ਜਗ੍ਹਾ ’ਤੇ ਕਿਸੇ ਵੀ ਕੀਮਤ ’ਤੇ ਇੱਥੇ ਕੂੜੇ ਦਾ ਡੰਪ ਨਹੀਂ ਬਣਨ ਦਿੱਤਾ ਜਾਵੇਗਾ। ਧਰਨੇ ਵਿੱਚ ਪਹੁੰਚੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆਂ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸਮੇਂ ਸਿਰ ਹੱਲ ਕਰਨ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਣ ਦੇ ਬਾਵਜੂਦ ਵੀ ਮੌਜੂਦਾ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਬਜਾਏ ਸਮੱਸਿਆਵਾ ਨੂੰ ਹੋਰ ਵਧਾ ਰਹੀ ਹੈ। ਉਨ੍ਹਾਂ ਨੇ ਵਿਧਾਇਕ ਡਾ. ਰਵਜੋਤ ’ਤੇ ਵੀ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣ ਦੇ ਦੋਸ਼ ਲਗਾਏ। ਇਸ ਦੌਰਾਨ ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਲੋਕਾਂ ਨੇ ਹੀ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਜਿਤਾ ਕੇ ਭੇਜਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲੱਕੜ ਮੰਡੀ ਨੌਸ਼ਹਿਰਾ ਵਿਖੇ ਕੂੜੇ ਦਾ ਡੰਪ ਬਣਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸੋਮਵਾਰ ਨੂੰ ਮੀਟਿੰਗ ਬੁਲਾਉਣ ਲਈ ਏਜੰਡਾ ਪਾ ਕੇ ਮਾਮਲਾ ਪੱਕੇ ਤੌਰ ’ਤੇ ਹੱਲ ਕਰਵਾਇਆ ਜਾਵੇਗਾ। ਵਿਧਾਇਕ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਗੁਰਚਰਨ ਸਿੰਘ ਨੌਸ਼ਹਿਰਾ, ਨਗਰ ਕੌਸ਼ਲ ਦੇ ਪ੍ਰਧਾਨ ਸੰਜੇ ਕਪਿਲਾ, ਰਾਮ ਗੋਪਾਲ, ਮਨਪ੍ਰੀਤ ਸਿੰਘ ਮੰਪੀ ਫਤਿਹਪੁਰ, ਗੁਰਪ੍ਰੀਤ ਸਿੰਘ ਹੈਪੀ ਸਰਪੰਚ ਨੰਗਲ ਪਿੰਡ, ਸੁਰਿੰਦਰ ਨੰਬਰਦਾਰ, ਪਰਮਜੀਤ ਸਿੰਘ, ਸਤਨਾਮ ਸਿੰਘ, ਕਰਨੈਲ ਸਿੰਘ, ਨਰਿੰਦਰ ਕੁਮਾਰ, ਮਨਿੰਦਰ ਸਿੰਘ ਟਿੰਮੀ ਸ਼ਾਹੀ, ਕਾਕਾ ਬੱਸੀ ਉਮਰ ਖਾਂ, ਕਸ਼ਮੀਰ ਸਿੰਘ, ਭੁਪਿੰਦਰ ਸਿੰਘ, ਹਰਜਿੰਦਰ ਸਿੰਘ ਲੰਬੜਦਾਰ, ਪਰਮਿੰਦਰ ਸਿੰਘ ਗਿੱਲ, ਕਮਲਜੀਤ ਸਿੰਘ, ਕਮਲਜੀਤ ਕੌਰ, ਅਮਨਪ੍ਰੀਤ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ, ਗੁਰਮੀਤ ਕੌਰ, ਤਲਵਿੰਦਰ, ਜੋਤੀ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।