'ਪੰਜਾਬ ਬੰਦ' ਦੇ ਸੱਦੇ 'ਤੇ ਹੁਸ਼ਿਆਰਪੁਰ ਰਿਹਾ ਪੂਰਨ ਬੰਦ 'ਪੰਜਾਬ ਬੰਦ' ਦੇ ਸੱਦੇ 'ਤੇ ਹੁਸ਼ਿਆਰਪੁਰ ਰਿਹਾ ਪੂਰਨ ਬੰਦ
Publish Date: Thu, 30 Jul 2026 04:59 PM (IST)
Updated Date: Fri, 31 Jul 2026 04:04 AM (IST)
ਆਵਾਜਾਈ ਲਈ ਪੁਲਿਸ ਨੇ ਟਰੈਫਿਕ ਰੂਟ ਬਦਲੇ, ਦੁਕਾਨਦਾਰਾਂ ਤੇ ਹੋਰਨਾਂ ਵਲੋਂ ਭਰਵਾਂ ਹੁੰਗਾਰਾ ਫ਼ੋਟੋ ਐਚ ਐਸ ਪੀ 20, 21, 22 ਹੁਸ਼ਿਆਰਪੁਰ ਵਿਚ ਬੰਦ ਦੌਰਾਨ ਘੰਟਾ ਘਰ ਰੈਲੀ ਕੱਢਦੇ ਹੋਏ ਜਥੇਬੰਦੀਆਂ ਦੇ ਆਗੂ, ਐਚ ਐਸ ਪੀ ਬੰਦ ਪਿਆ ਬੱਸ ਸਟੈਂਡ, ਐਚ ਐਸ ਪੀ ਸੁੰਨਸਾਨ ਪਏ ਬਾਜਾਰ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਵੱਖ-ਵੱਖ ਜਥੇਬੰਦੀਆਂ ਵੱਲੋਂ ਬਰਨਾਲਾ ਲਾਠੀਚਾਰਜ ਦੇ ਵਿਰੋਧ ’ਚ ਸਫ਼ਾਈ ਸੇਵਕ ਜਥੇਬੰਦੀਆਂ ਵਲੋਂ ਹੋਰਨਾਂ ਸਾਥੀ ਜਥੇਬੰਦੀਆਂ ਨੂੰ ਲੈ ਕੇ ਸ਼ਹਿਰ ਵਿਚ ਰੋਸ ਮਾਰਚ ਕੀਤਾ। ਦੁਕਾਨਦਾਰਾਂ ਵਲੋਂ ਇਸ ਬੰਦ ਦਾ ਭਰਵਾਂ ਸਾਥ ਦਿੱਤਾ ਗਿਆ। ਨਗਰ ਨਿਗਮ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੇ ਬਾਜਾਰਾਂ ਵਿਚ ਦੀ ਹੁੰਦਾ ਹੋਇਆ ਇਹ ਮਾਰਚ ਵਾਲਮੀਕ ਚੋਂਕ ਵਿਚ ਖ਼ਤਮ ਹੋਇਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਬਰਨਾਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਸੇਵਕਾਂ ਤੇ ਪੁਲਿਸ ਵੱਲੋਂ ਕੀਤੇ ਗਏ ਕਥਿਤ ਲਾਠੀਚਾਰਜ ਤੋਂ ਬਾਅਦ ਪੂਰੇ ਪੰਜਾਬ ਦੇ ਵਰਕਰਾਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਵਿਰੋਧ ਚ ਅੱਜ ਵੱਖ-ਵੱਖ ਭਾਈਚਾਰਕ ਅਤੇ ਸਫ਼ਾਈ ਸੇਵਕ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਹਿਤ ਹੁਸ਼ਿਆਰਪੁਰ ਸ਼ਹਿਰ ’ਚ ਵੀ ਵੱਖ-ਵੱਖ ਸੰਗਠਨਾਂ ਵੱਲੋਂ ਪੂਰਨ ਬੰਦ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀਆਂ ਨੇ ਪ੍ਰਸ਼ਾਸਨਿਕ ਕਾਰਵਾਈ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਸਫ਼ਾਈ ਸੇਵਕਾਂ ਤੇ ਹੋਇਆ ਅੱਤਿਆਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵਲੋਂ ਹਰ ਉਸ ਵਿਅਕਤੀ ਅਤੇ ਯੂਨੀਅਨਾਂ ਦੇ ਆਗੂਆਂ ਨੂੰ ਕੁੱਟਿਆ ਜਾ ਰਿਹਾ ਹੈ ਜਿਹੜੇ ਆਪਣੀਆਂ ਸੰਵਿਧਾਨਕ ਮੰਗਾਂ ਲਈ ਧਰਨੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵਲੋਂ ਸਿਰਫ਼ ਮਟਕਾ ਚੌਂਕ ’ਤੇ ਹੀ ਜੁਲਮ ਕੀਤਾ ਜਾਂਦਾ ਸੀ ਪਰੰਤੂ ਇਸ ਸਰਕਾਰ ਨੇ ਹਰ ਜਿਲ੍ਹੇ ਦੇ ਮੁਲਾਜਮਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ਼ ਮੰਤਰੀ ਪੰਜਾਬ ਦੇ ਇਤਿਹਾਸ ਦਾ ਪਹਿਲਾ ਤਾਨਾਸ਼ਾਹ ਬਣ ਕੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬਰਨਾਲਾ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਡਿਸਮਿਸ ਨਹੀਂ ਕੀਤਾ ਜਾਂਦਾ ਉਹ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਕਰਨਜੋਤ ਆਦੀਆ, ਸੋਮਨਾਥ ਆਦੀਆ, ਅਨਿਲ ਬਾਘਾ, ਲਾਰੇਂਸ ਚੌਧਰੀ, ਮਨੋਜ ਕੈਨੇਡੀ, ਗੁਰਨਾਮ ਸਿੰਘ ਸਿੰਗੜੀਵਾਲਾ, ਹਰਵਿੰਦਰ ਹੀਰਾ, ਡਾ ਅਜੇ ਮੱਲ, ਹਰੀ ਰਾਮ, ਹੈਪੀ ਪਾਲ, ਰਾਜ ਕੁਮਾਰ ਆਦੀਆ, ਅਸ਼ੋਕ ਗਿੱਲ, ਮਹਿੰਦਰ ਪਾਲ, ਸੁਨੀਤਾ ਰਾਣੀ, ਸੰਨੀ, ਠੇਕੇਦਾਰ ਭਗਵਾਨ ਦਾਸ, ਅਵਤਾਰ ਭੁੱਟੋ ਸਮੇਤ ਵੱਡੀ ਗਿਣਤੀ ਵਿਚ ਸਫਾਈ ਸੇਵਕ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਬੱਸ ਅੱਡਾ ਰਿਹਾ ਬੇਰੌਣਕੀ ਬੰਦ ਦੀ ਕਾਲ ਦੌਰਾਨ ਹੁਸ਼ਿਆਰਪੁਰ ਦਾ ਬੱਸ ਅੱਡਾ ਵੀ ਬੇਰੌਣਕੀ ਰਿਹਾ। ਗੁਅਢੀ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਰਾਹੀਂ ਪਹੁੰਚੇ ਵਿਅਕਤੀਆਂ ਨੂੰ ਆਪਣੇ ਅਗਲੇ ਪੜਾਅ ਤੱਕ ਜਾਣ ਲਈ ਲੰਬਾ ਇੰਤਜਾਰ ਕਰਨਾ ਪਿਆ। ਬਅਦ ਦੁਪਿਹਰ ਪ੍ਰਸ਼ਾਸਨ ਵੱਲੋਂ ਰਾਹਗੀਰਾਂ ਲਈ ਜਾਰੀ ਕੀਤੇ ਰੂਟ ਪਲਾਨ ਤੋਂ ਬਾਅਦ ਆਵਾਜਾਈ ਕੁੱਝ ਚੱਲੀ ਪਰੰਤੂ ਸਰਕਾਰੀ ਅਤੇ ਨਿੱਜੀ ਬੱਸਾਂ ਬੰਦ ਹੀ ਰਹੀਆਂ। ਸਕੂਲ ਕਾਲਜ ਤੇ ਬਾਜ਼ਾਰ ਵੀ ਰਹੇ ਬੰਦ ਬੰਦ ਦੌਰਾਨ ਸ਼ਹਿਰ ਦੇ ਸਕੂਲ, ਕਾਲਜ ਤੇ ਦੁਕਾਨਾਂ ਵੀ ਪੂਰੀ ਤਰਾਂ ਨਾਲ ਬੰਦ ਰਹੀਆਂ। ਹਾਲਾਂਕਿ ਮੈਡੀਕਲ ਸਟੋਰ ਖੁੱਲੇ ਰਹੇ ਪਰ ਖ਼ਾਣ-ਪੀਣ ਵਾਲੀਆਂ ਦੁਕਾਨਾਂ ਨੇ ਵੀ ਇਸ ਦਾ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਰੱਖੀਆਂ।