ਸ਼ਹਿਰ ਅੰਦਰ ਲੱਗੀਆਂ ਸਟਰੀਟ ਲਾਈਟਾਂ ’ਚੋਂ ਬਹੁਤੀਆਂ ਬੰਦ ਸ਼ਹਿਰ ਅੰਦਰ ਲੱਗੀਆਂ ਸਟਰੀਟ ਲਾਈਟਾਂ ਵਿੱਚੋਂ ਬਹੁਤੀਆਂ ਬੰਦ
Publish Date: Fri, 25 Sep 2026 06:41 PM (IST)
Updated Date: Fri, 25 Sep 2026 06:42 PM (IST)
ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ਅੰਦਰ ਲੱਗੀਆਂ ਨਗਰ ਕੌਂਸਲ ਦੀਆਂ ਸਟਰੀਟ ਲਾਈਟਾਂ ਪਿਛਲੇ ਕਈ ਦਿਨਾਂ ਤੋਂ ਜਿਆਦਾਤਰ ਬੰਦ ਪਈਆਂ ਹਨ, ਜਿਸ ਕਾਰਨ ਰਾਤ ਸਮੇਂ ਸ਼ਹਿਰ ਦੀਆਂ ਮੁੱਖ ਸੜਕਾਂ ਵਿੱਚ ਹਨੇਰਾ ਛਾਇਆ ਰਹਿੰਦਾ ਹੈ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਚੰਡੀਗੜ੍ਹ ਸੜਕ ਅਤੇ ਹੁਸ਼ਿਆਰਪੁਰ ਰੋਡ ਦੀਆਂ ਲਾਈਟਾਂ ਲੱਗੀਆਂ ਤਾਂ ਜ਼ਰੂਰ ਹਨ ਪਰ ਜ਼ਿਆਦਾਤਰ ਨਹੀਂ ਜਗ ਰਹੀਆਂ। ਹਨੇਰੇ ਕਾਰਨ ਰਾਤ ਨੂੰ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਨੇਰੇ ਦਾ ਫਾਇਦਾ ਉਠਾ ਕੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਧਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਵੀ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਹਨੇਰੇ ਕਾਰਨ ਸੜਕ ਹਾਦਸੇ ਵਾਪਰਨ ਦਾ ਵੀ ਡਰ ਬਣਿਆ ਰਹਿੰਦਾ ਹੈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਪ੍ਰਸ਼ਾਸਨ ਅਤੇ ਐੱਸਡੀਐੱਮ ਗੜ੍ਹਸ਼ੰਕਰ ਤੋਂ ਮੰਗ ਕੀਤੀ ਹੈ ਕਿ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਹਨੇਰੇ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਕਾਂਗਰਸ ਦੇ ਸੀਨੀਅਰ ਆਗੂ ਜਸਵੀਰ ਸਿੰਘ ਪੁਰਖੋਵਾਲ ਨੇ ਕਿਹਾ ਕਿ ਸ਼ਹਿਰ ਵਿੱਚ ਮੌਜੂਦਾ ਸਰਕਾਰ ਵੱਲੋਂ ਕੀਤਾ ਗਿਆ ਵਿਕਾਸ ਤਾਂ ਨਹੀਂ ਦਿਖ ਰਿਹਾ ਪਰ ਰਾਤ ਸਮੇਂ ਲਾਈਟਾਂ ਬੰਦ ਜ਼ਰੂਰ ਦਿਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸਨ ਦੀ ਨਕਾਮੀ ਹੈ, ਜੋ ਕਿ ਸ਼ਹਿਰ ਦੀਆਂ ਲਾਈਟਾਂ ਸਹੀ ਢੰਗ ਨਾਲ ਹੁਣ ਤੱਕ ਚਾਲੂ ਨਹੀਂ ਕਰਵਾ ਸਕੇ।