ਭਾਜਪਾ-ਅਕਾਲੀ ਗਠਜੋੜ ਪੰਜਾਬ ਦੇ ਭਵਿੱਖ ਦੀ ਲੋੜ : ਡਾ. ਅਰਸ਼ਦੀਪ ਭਾਜਪਾ-ਅਕਾਲੀ ਦਲ ਗਠਜੋੜ ਪੰਜਾਬ ਦੇ ਭਵਿੱਖ ਦੀ ਲੋੜ: ਡਾ. ਅਰਸ਼ਦੀਪ ਸਿੰਘ
Publish Date: Thu, 26 Nov 2026 05:29 PM (IST)
Updated Date: Thu, 26 Nov 2026 05:31 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪ੍ਰਸਿੱਧ ਸਿੱਖਿਆ ਸ਼ਾਸਤਰੀ, ਕਿਸਾਨ ਆਗੂ ਅਤੇ ਸਮਾਜ ਸੇਵਕ ਡਾ. ਅਰਸ਼ਦੀਪ ਸਿੰਘ, ਸੂਬਾ ਮੀਤ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕੌਮੀ ਬੁਲਾਰਾ ਸੰਯੁਕਤ ਸਮਾਜ ਮੋਰਚਾ ਅਤੇ ਫਾਊਂਡਰ ਤੇ ਸੀਐੱਮਡੀ ਮਾਡਰਨ ਗਰੁੱਪ ਆਫ਼ ਕਾਲਜਿਸ ਮੁਕੇਰੀਆਂ ਨੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦਾ ਮੁੜ ਗਠਜੋੜ ਹੋਣ ਦਾ ਸਵਾਗਤ ਕਰਦਿਆਂ ਇਸ ਨੂੰ ਪੰਜਾਬ ਦੇ ਭਵਿੱਖ ਲਈ ਸਮੇਂ ਦੀ ਲੋੜ ਕਰਾਰ ਦਿੱਤਾ ਹੈ। ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਪੰਜਾਬ ਇਸ ਸਮੇਂ ਭਾਰੀ ਕਰਜ਼ੇ, ਕਿਸਾਨੀ ਸੰਕਟ, ਬੇਰੁਜ਼ਗਾਰੀ ਅਤੇ ਨਸ਼ਿਆਂ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਕੇਂਦਰ ਨਾਲ ਬਿਹਤਰ ਸਬੰਧਾਂ ਰਾਹੀਂ ਪੰਜਾਬ ਲਈ ਵਿਕਾਸ ਪ੍ਰੋਜੈਕਟ, ਉਦਯੋਗਿਕ ਨਿਵੇਸ਼ ਅਤੇ ਵਿਸ਼ੇਸ਼ ਫੰਡ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਕੇਂਦਰੀ ਪੱਧਰ ਦੀ ਤਾਕਤ ਅਤੇ ਅਕਾਲੀ ਦਲ ਕੋਲ ਪੰਜਾਬ ਦੀ ਖੇਤਰੀ ਸਮਝ ਹੈ ਤੇ 1997 ਤੋਂ ਇਸ ਗਠਜੋੜ ਨੇ ਸੂਬੇ ਵਿੱਚ ਸ਼ਾਂਤੀ ਅਤੇ ਹਿੰਦੂ-ਸਿੱਖ ਭਾਈਚਾਰੇ ਦੀ ਸਾਂਝ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੁਣ ਕੇਂਦਰ ਨਾਲ ਲਗਾਤਾਰ ਟਕਰਾਅ ਦਾ ਬੋਝ ਨਹੀਂ ਝੱਲ ਸਕਦਾ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੋਆਬੇ ਅਤੇ ਮਾਝੇ ਦੇ ਲੋਕਾਂ ਨੂੰ ਇਸ ਏਕਤਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ।