ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਪ੍ਰੇਰਨਾ ਸਰੋਤ : ਜਿੰਪਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਪ੍ਰੇਰਨਾ ਸਰੋਤ : ਬ੍ਰਮ ਸ਼ੰਕਰ ਜਿੰਪਾ
Publish Date: Thu, 26 Nov 2026 06:27 PM (IST)
Updated Date: Thu, 26 Nov 2026 06:28 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਮਹੱਤਵਪੂਰਨ ਸਾਧਨ ਹਨ। ਖੇਡਾਂ ਰਾਹੀਂ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਸੰਘਰਸ਼ ਕਰਨ ਦੀ ਸਮਰੱਥਾ ਵਿਕਸਿਤ ਹੁੰਦੀ ਹੈ। ਵਿਧਾਇਕ ਜਿੰਪਾ ਅੱਜ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਹੁਸ਼ਿਆਰਪੁਰ ਵਿਖੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਦੇ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੇਅਰ ਪ੍ਰਵੀਨ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਸਫਲਤਾ ਪਿੱਛੇ ਉਨ੍ਹਾਂ ਦੀ ਸਖ਼ਤ ਮਿਹਨਤ, ਕੋਚਾਂ ਦਾ ਕੁਸ਼ਲ ਮਾਰਗਦਰਸ਼ਨ, ਅਧਿਆਪਕਾਂ ਦਾ ਸਹਿਯੋਗ ਅਤੇ ਮਾਪਿਆਂ ਦਾ ਉਤਸ਼ਾਹ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਦੀ ਵੀ ਸ਼ਲਾਘਾ ਕੀਤੀ। ਸਕੂਲ ਦੇ ਪ੍ਰਧਾਨ ਅਨੁਰਾਗ ਸੂਦ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਨੇ ਵਾਲੀਬਾਲ ਅਤੇ ਬੀਚ ਵਾਲੀਬਾਲ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿੱਚ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਰਾਜ ਪੱਧਰੀ ਬੀਚ ਵਾਲੀਬਾਲ ਮੁਕਾਬਲਿਆਂ ਵਿੱਚ ਅੰਡਰ-14 ਟੀਮ ਨੇ ਸੋਨ ਤਮਗਾ, ਅੰਡਰ-17 ਟੀਮ ਨੇ ਚਾਂਦੀ ਦਾ ਤਮਗਾ ਅਤੇ ਅੰਡਰ-19 ਟੀਮ ਨੇ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ। ਸਮਾਰੋਹ ਵਿੱਚ ਆਤਮਸੁਖ ਆਤਮਦੇਵ ਆਸ਼ਰਮ ਦੇ ਸੰਚਾਲਕ ਨਵਦੀਪ ਸੂਦ, ਸਕੂਲ ਦੇ ਜਨਰਲ ਸਕੱਤਰ ਡਾ. ਹਰਸ਼ਵਿੰਦਰ ਸਿੰਘ ਪਠਾਨੀਆ, ਕੌਂਸਲਰ ਰਾਜਾ, ਐੱਨਆਰਆਈ ਹਰਜੀਤ ਸਿੰਘ ਗਿੱਲ, ਸੇਵਾਮੁਕਤ ਬੀਐੱਸਐੱਫ ਕਮਾਂਡੈਂਟ ਚੰਚਲ ਸਿੰਘ, ਸੇਵਾਮੁਕਤ ਪ੍ਰਿੰਸੀਪਲ ਰਵੀ ਮਹਿਤਾ ਅਤੇ ਮਲਕੀਤ ਕੁਮਾਰ, ਲੈਕਚਰਾਰ ਰਾਜਵਿੰਦਰ ਕੌਰ, ਹਰਵਿੰਦਰ ਸਿੰਘ, ਵਾਲੀਬਾਲ ਇੰਚਾਰਜ ਗੁਰਪ੍ਰੀਤ ਕੌਰ, ਮਨੀਸ਼ਾ ਜੋਸ਼ੀ, ਮੋਨਿਕਾ ਨਾਰੰਗ ਅਤੇ ਪ੍ਰਿੰਸੀਪਲ ਸ਼ੋਭਾ ਰਾਣੀ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।