ਖ਼ਰਾਬ ‘ਤੀਜੀ ਅੱਖ' ਨੂੰ ਠੀਕ ਕਰਵਾਉਣ ਦੀ ਬਜਾਏ ਲੱਗਣਗੇ 100 ਨਵੇਂ ਕੈਮਰੇ ਖ਼ਰਾਬ‘ਤੀਜੀ ਅੱਖ' ਨੂੰ ਠੀਕ ਕਰਵਾਉਣ ਦੀ ਬਜਾਏ ਲੱਗਣਗੇ 100 ਨਵੇਂ ਕੈਮਰੇ
Publish Date: Mon, 05 Oct 2026 04:28 PM (IST)
Updated Date: Tue, 06 Oct 2026 04:02 AM (IST)
100 ਕੈਮਰੇ ਦੀ ਅਨੁਮਾਨਤ ਲਾਗਤ ਰੁਪਏ 4,64,79,818 ਦੀ ਤਜਵੀਜ, ਨਗਰ ਨਿਗਮ ਨੇ ਮਤਾ ਨੰਬਰ 41 ਰਾਹੀਂ ਪਾਇਆ ਮਤਾ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪਿਛਲੀ ਕਾਗਰਸ ਸਰਕਾਰ ਦੌਰਾਨ ਉਸ ਵੇਲੇ ਦੇ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਉਦਮਾ ਸਦਕਾ ਸ਼ਹਿਰ ਵਿਚ ਪੁਲਿਸ ਅਤੇ ਪ੍ਰਸ਼ਾਸ਼ਨ ਦੀ ਸਹਾਇਤਾ ਤੇ ਲੁੱਟਾਂ-ਖੋਹਾਂ, ਚੋਰੀਆਂ ਤੇ ਸਮਾਜ ਵਿਰੋਧੀ ਅਨਸਰਾ ਨੂੰ ਕਾਬੂ ਕਰਨ ਲਈ ਦੋ ਦਰਜਨ ਦੇ ਕਰੀਬ ਸ਼ਹਿਰ ਦੇ ਪ੍ਰਮੁੱਖ ਚੌਕਾਂ ’ਚ ਸੀਸੀਟੀਵੀ ਕੈਮਰੇ ਲਗਵਾਏ ਸੀ। 100 ਦੇ ਕਰੀਬ ਲੱਗੇ ਇਨ੍ਹਾਂ ਕੈਮਰਿਆ ਤੇ ਉਸ ਸਮੇਂ ਇਕ ਕਰੋੜ ਦੇ ਲਗਭਗ ਖ਼ਰਚ ਆਇਆ ਸੀ। ਸ਼ਹਿਰ ਦੀ ਸੁਰੱਖਿਆ ਲਈ ਲਗਾਈ ਇਹ ਤੀਜੀ ਅੱਖ ਅੱਜ ਆਪਣਾ ਅਪਰੇਸ਼ਨ ਕਰਵਾਉਣ ਲਈ ਸਥਾਨਕ ਸਰਕਾਰਾ ਵਿਭਾਗ ਵੱਲ ਮੂੰਹ ਦੇਖ ਰਹੀ ਹੈ। ਇਨ੍ਹਾਂ ਨੂੰ ਠੀਕ ਕਰਵਾਉਣ ਦੀ ਬਜਾਏ ਨਗਰ ਨਿਗਮ ਪੌਣੇ ਪੰਜ ਕਰੋੜ ਦੇ ਕਰੀਬ ਦੀ ਲਾਗਤ ਨਾਲ 100 ਨਵੇਂ ਕੈਮਰੇ ਲਗਾਉਣ ਜਾ ਰਿਹਾ ਹੈ, ਜਿਸ ਲਈ ਪਲੇਠੀ ਮੀਟਿੰਗ ’ਚ ਮਤਾ ਵੀ ਪਾ ਦਿੱਤਾ ਹੈ। ਕੀ ਹੈ ਮਾਮਲਾ 2020 ਤੇ 21 ਵਿਚ ਕਾਂਗਰਸ ਸਰਕਾਰ ਦੇ ਸਮੇਂ ਇੰਡਸਟਰੀ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਨੇ ਸ਼ਹਿਰ ਵਾਸੀਆਂ ਦੇ ਘਰਾਂ ’ਚ ਹੋ ਰਹੀਆਂ ਚੋਰੀਆਂ ਤੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ’ਚ ਹੋਈਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਸ਼ਹਿਰ ਵਾਸੀਆਂ ਦੀ ਮੰਗ ਤੇ ਸ਼ਹਿਰ ਦੀਆਂ ਅਹਿਮ ਦੋ ਦਰਜਨ ਥਾਵਾਂ ਜਿਹੜੀਆਂ ਸ਼ਹਿਰ ਵਿਚ ਆਉਣ-ਜਾਣ ਵਾਲੀਆਂ ਸਾਰੀਆਂ ਲਿੰਕ ਤੇ ਜਰਨੈਲੀ ਸੜਕਾਂ ਨੂੰ ਜੋੜਦੇ ਚੌਕਾਂ ਅਤੇ ਜਨਤਕ ਥਾਵਾਂ ਤੇ ਇੱਕ ਕਰੋੜ ਦੀ ਲਾਗਤ ਦੇ ਨਾਲ 100 ਦੇ ਕਰੀਬ ਕੈਮਰੇ ਲਗਾਏ ਸਨ। ਸ਼ੁਰੂ-ਸ਼ੁਰੂ ਵਿਚ ਇਨ੍ਹਾਂ ਕੈਮਰਿਆਂ ਨੇ ਲੋਕਾਂ ਨੂੰ ਸੁੱਖ ਦਾ ਸਾਹ ਦਿੱਤਾ ਸੀ ਤੇ ਜਿਲ੍ਹਾ ਪੁਲਿਸ ਨੇ ਸ਼ਹਿਰ ਵਿਚ ਲੱਗੀਆਂ ਇਨ੍ਹਾਂ ਤੀਆਂ ਅੱਖਾ ਨਾਲ ਕਈ ਵਾਰਦਾਤਾ ਨੂੰ ਹੱਲ ਕੀਤਾ ਸੀ ਜਿਨ੍ਹਾ ਵਿਚ ਚਰਚਿਤ ਘਟਨਾਵਾਂ ਵੀ ਸ਼ਾਮਿਲ ਹਨ ਚੁਟਕੀਆ ਵਿਚ ਹੀ ਹੱਲ ਹੋ ਗਈਆ ਹਨ। ਜਿਉਂ ਹੀ ਸੂਬੇ ਵਿਚ ਸਰਕਾਰ ਬਦਲੀ ਤਾਂ ਇਨ੍ਹਾ ਕੈਮਰਿਆ ਦੀ ਵਿਗੜ ਰਹੀ ਤਬੀਅਤ ਵੱਲ ਕਿਸੇ ਨੇ ਵੀ ਧਿਆਨ ਨਾ ਦਿੱਤਾ ਤੇ ਅੱਜ ਹਾਲਾਤ ਇਹ ਬਣ ਗਏ ਹਨ ਹਨ ਕਿ ਸ਼ਹਿਰ ਦੇ ਵੱਖ-ਵੱਖ ਥਾਵਾ ਤੇ ਲੱਗੇ ਇਹ ਕੈਮਰੇ ਲਗਭਗ ਸਾਰੇ ਹੀ ਖ਼ਰਾਬ ਹੋ ਚੁੱਕੇ ਹਨ। ਇਨ੍ਹਾਂ ’ਚ ਕੁੱਝ ਇਕ ਕੈਮਰਿਆ ਦੀ ਦ੍ਰਿਸ਼ਟੀ ਹੀ ਠੀਕ ਹੈ ਪਰ ਉਨ੍ਹਾਂ ਨੂੰ ਵੀ ਧੁੰਦਲਾ ਦਿਖਣ ਲੱਗ ਪਿਆ ਹੈ। ਕਈ ਥਾਵਾ ਤੇ ਤਾਂ ਕੈਮਰੇ ਸਮੇਤ ਪੋਲ ਹੀ ਚੋਰੀ ਹੋ ਗਏ ਹਨ ਅਤੇ ਕਈ ਕੈਮਰੇ ਟੁੱਟ ਚੁੱਕੇ ਹਨ ਤੇ ਕਈ ਖੰਭਿਆਂ ਦੇ ਨਾਲ ਲਟਕ ਰਹੇ ਹਨ। 100 ਨਵੇਂ ਕੈਮਰੇ ਲੱਗਣਗੇ ਨਗਰ ਨਿਗਮ ਵਲੋਂ ਪਾਏ ਮਤੇ ਅਨੁਸਾਰ ਵਿਧਾਇਕ ਵੱਲੋਂ ਜੁਬਾਨੀ ਹੁਕਮ ਦਿੱਤੇ ਗਏ ਹਨ ਕਿ ਸ਼ਹਿਰ ਵਿੱਚ ਪਬਲਿਕ ਦੀ ਸੁਰੱਖਿਆ ਤੇ ਸਹੂਲਤ ਲਈ ਤੁਰੰਤ ਸ਼ਹਿਰ ਦੇ ਮੁੱਖ ਸਥਾਨਾਂ ਤੇ ਹਾਈਟੈੱਕ ਕੈਮਰੇਆਂ ਨੂੰ ਲਗਵਾਉਣ ਦੀ ਤਜਵੀਜ ਤਿਆਰ ਕਰਨ ਉਪਰੰਤ ਇਸ ਨੂੰ ਨਗਰ ਨਿਗਮ ਦੀ ਆਉਣ ਵਾਲੀ ਹਾਊਸ ਦੀ ਮੀਟਿੰਗ ਵਿੱਚ ਕੇਸ ਪ੍ਰਵਾਣਗੀ ਲਈ ਭੇਜਿਆ, ਜਿਸ ਅਨੁਸਾਰ ਡੀ.ਪੀ.ਆਰ. ’ਚ ਕੁੱਲ 100 ਕੈਮਰੇ ਅਨੁਮਾਨਤ ਲਾਗਤ ਰੁਪਏ 4,64,79,818 ਰੁਪਏ ਦੀ ਤਜਵੀਜ ਲਈ ਗਈ ਹੈ, ਜਿਸ ਵਿੱਚ ਸਾਜੋ-ਸਮਾਨ ’ਤੇ 1,47,98,000 ਰੁਪਏ, ਹਾਰਡਵੇਅਰ ਤੇ ਸੌਫਟਵੇਅਰ ’ਤੇ 4,40,3,112 ਰੁਪਏ ਕੰਟਰੋਲ ਰੂਮ ਬਣਾਉਣ ਲਈ 76,52,200/-, ਨੈੱਟ ਸੰਤੁਲਨ 96,56,364/- ਤੇ ਮਜ਼ਦੂਰੀ ’ਤੇ 28,80,000/- ਦਾ ਖ਼ਰਚ ਆਵੇਗਾ। ਕੀ ਕਹਿੰਦੇ ਹਨ ਸਾਬਕਾ ਮੰਤਰੀ? ਇਸ ਸਬੰਧੀ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜ ਨੇ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਵਾਸੀਆ ਦੀ ਸੁਰੱਖਿਆ ਲਈ ਇਹ ਵੱਡਾ ਉਪਰਾਲਾ ਕੀਤਾ ਸੀ ਪਰੰਤੂ ਮੌਜੂਦਾ ਸਰਕਾਰ ਨੇ ਇਸ ਦੀ ਸੰਭਾਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਆਪਣਾ ਨਿਜੀ ਬਜਟ ਖ਼ਰਚ ਕਰਕੇ ਪਹਿਲ ਦੇ ਆਧਾਰ ਤੇ ਇਸ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਕੰਮ ਕੋਈ ਨਹੀਂ ਕਰ ਰਹੀ ਬਸ ਖ਼ਰਚ ਕਰਕੇਲੋਕਾਂ ਦੀ ਜੇਬ ’ਤੇ ਡਾਕੇ ਮਾਰ ਰਹੀ ਹੈ।