ਜਲਾਲਪੁਰ ’ਚ ਮਨਾਇਆ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਜਨਮ ਦਿਹਾੜਾ ਜਲਾਲਪੁਰ ’ਚ ਮਨਾਇਆ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਜਨਮ ਦਿਹਾੜਾ
Publish Date: Mon, 19 Oct 2026 03:58 PM (IST)
Updated Date: Mon, 19 Oct 2026 04:00 PM (IST)
ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ ਟਾਂਡਾ ਉੜਮੁੜ : ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਜਲਾਲਪੁਰ ਵਿਖੇ ਸੰਤ ਪ੍ਰੇਮ ਸਿੰਘ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਜਲਾਲਪੁਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਜਨਮ ਦਿਹਾੜਾ ਗੁਰਦੁਆਰਾ ਕਿਲ੍ਹਾ ਪੱਤੀ ਸੂਰਾ ਸਿੰਘ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਹ ਧਾਰਮਿਕ ਸਮਾਗਮ ਸੋਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਅਤੇ ਤਰਸੇਮ ਸਿੰਘ ਪੱਪੂ (ਅਮਰੀਕਾ) ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਨਾਲ ਹੋਈ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹੁੰਚੇ ਹਜ਼ੂਰੀ ਰਾਗੀ ਭਾਈ ਰਣਧੀਰ ਸਿੰਘ, ਗੁਰਦੁਆਰਾ ਲਾਹੌਰ ਪੱਤੀ ਦੇ ਹੈੱਡ ਗ੍ਰੰਥੀ ਗਿਆਨੀ ਮਨਜੀਤ ਸਿੰਘ, ਭਾਈ ਬਲਦੇਵ ਸਿੰਘ ਭੂਲਪੁਰ ਵਾਲੇ ਅਤੇ ਬੀਬੀ ਜਸਵੀਰ ਕੌਰ ਜੱਸ ਦੇ ਢਾਡੀ ਜਥੇ ਸਮੇਤ ਵੱਖ-ਵੱਖ ਧਾਰਮਿਕ ਜਥਿਆਂ ਨੇ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਅਤੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਧਾਰਮਿਕ ਬੁਲਾਰਿਆਂ ਨੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਮਾਜ ਪ੍ਰਤੀ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਸੰਗਤ ਨੂੰ ਸੰਤ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਡਾ. ਭਾਟੀਆ ਕਰਤਾਰਪੁਰ ਵਾਲਿਆਂ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਵਿੱਚ 158 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਦਕਿ 40 ਮਰੀਜ਼ਾਂ ਦੇ ਆਪ੍ਰੇਸ਼ਨ ਕਰਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਲੈਂਜ਼ ਪਾਏ ਗਏ। ਇਸ ਮੌਕੇ ਸਰਪੰਚ ਜਸਵੰਤ ਸਿੰਘ ਬਿੱਟੂ , ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਸੇਠੀ , ਸੰਗਠਨ ਇੰਚਾਰਜ ਕੇਸ਼ਵ ਸਿੰਘ ਸੈਣੀ, ਚੇਅਰਮੈਨ ਬਲਾਕ ਸੰਮਤੀ ਟਾਂਡਾ ਸੁਖਵਿੰਦਰ ਸਿੰਘ ਝਾਵਰ, ਤਰਸੇਮ ਸਿੰਘ ਨੰਦੀ, ਕੁਲਦੀਪ ਸਿੰਘ, ਕੁਲਵੰਤ ਸਿੰਘ ਨੰਬਰਦਾਰ ਅਤੇ ਗੁਰਪ੍ਰੀਤ ਸਿੰਘ ਸਰਪੰਚ ਮਿਆਣੀ ਸਮੇਤ ਕਈ ਪਤਵੰਤੇ ਹਾਜ਼ਰ ਸਨ।