ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਕਰਵਾਇਆ
ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ
Publish Date: Mon, 05 Oct 2026 03:45 PM (IST)
Updated Date: Tue, 06 Oct 2026 04:02 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਖਾਲਸਾ ਕਾਲਜ ਗੜਦੀਵਾਲਾ ਦੇ ਕੈਮਿਸਟਰੀ ਵਿਭਾਗ ਦੀ ਸੀ. ਵੀ. ਰਮਨ ਸੁਸਾਇਟੀ ਆਫ਼ ਕੈਮੀਕਲ ਸਾਇੰਸਜ਼ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸੁਚੱਜਾ ਸੰਚਾਲਨ ਡਾ. ਰਾਬੀਆ ਸ਼ਰਮਾ ਦੀ ਦੇਖ-ਰੇਖ ਹੇਠ ਹੋਇਆ। ਇਸ ਮੌਕੇ ਮੁੱਖ ਬੁਲਾਰੇ ਡਾ. ਪੰਕਜ ਸ਼ਰਮਾ ਨੇ ਪਾਵਰਪੁਆਇੰਟ ਪ੍ਰੈਜ਼ੈਂਟੇਸ਼ਨ ਦੇ ਮਾਧਿਅਮ ਨਾਲ ਵਿਦਿਆਰਥੀਆਂ ਨੂੰ ਕੂੜੇ ਨੂੰ ਸਰੋਤ ਤੇ ਹੀ ਵੱਖ-ਵੱਖ ਕਰਨ ਲਈ ਰੰਗ-ਅਧਾਰਿਤ ਡਸਟਬਿਨਾਂ ਦੀ ਵਰਤੋਂ ਕਰਨ ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਭਾਰਤ ਵਿੱਚ ਕੂੜਾ ਪ੍ਰਬੰਧਨ ਦੀ ਸਥਿਤੀ ਦੀ ਤੁਲਨਾ ਜਪਾਨ ਅਤੇ ਜਰਮਨੀ ਵਰਗੇ ਵਿਸ਼ਵ ਦੇ ਬਿਹਤਰੀਨ ਮਾਡਲਾਂ ਨਾਲ ਕਰਦਿਆਂ ਅੰਕੜਿਆਂ ਸਮੇਤ ਇਸ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਇਆ। ਡਾ. ਪੰਕਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿੱਚ ਹਾਊਸਹੋਲਡ ਸੁਪਰਵਾਈਜ਼ਰ ਵਜੋਂ ਜਿੰਮੇਵਾਰੀ ਸੰਭਾਲਣ ਤੇ ਘੱਟੋ-ਘੱਟ 5 ਗੁਆਂਢੀ ਘਰਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਸਵਾਲ-ਜਵਾਬ ਸੈਸ਼ਨ ਵਿੱਚ ਉਤਸ਼ਾਹਪੂਰਵਕ ਭਾਗ ਲਿਆ। ਪ੍ਰਿੰਸੀਪਲ ਨੇ ਕੈਮਿਸਟਰੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਮੁਹਿੰਮ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ।