- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਤਨੂੰਲੀ ਦੇ ਬੱਸ ਅੱਡੇ ਤੇ ਬੱਸਾ ਨਾ ਰੁਕਨ ਕਾਰਣ ਵਿਦਿਆਰਥੀ ਪਰੇਸ਼ਾਨ

ਮਹੇਸ਼ਵਰ ਕੁਮਾਰ ਛਾਬੜਾ, ਪੰਜਾਬੀ ਜਾਗਰਣ, ਨਸਰਾਲਾ : ਪਿੰਡ ਤਨੂੰਲੀ ਵਿਖੇ ਬੱਸਾਂ ਨਾ ਰੁਕਣ ਕਾਰਨ ਵਿਦਿਆਰਥੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਅੱਡੇ ਤੋਂ ਕਈ ਬੱਸਾਂ ਰੁਕਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਲੰਘ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਹੋਰ ਸਾਧਨਾਂ ਦਾ ਸਹਾਰਾ ਲੈਣਾ ਪੈਂਦਾ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਬੱਸਾਂ ਨਾ ਰੁਕਣ ਕਾਰਨ ਕਈ ਵਾਰ ਉਨ੍ਹਾਂ ਨੂੰ ਦੇਰ ਰਾਤ ਤੱਕ ਘਰ ਪਹੁੰਚਣਾ ਪੈਂਦਾ ਹੈ ਅਤੇ ਕੁਝ ਵਿਦਿਆਰਥੀ ਅੱਧੀ-ਅੱਧੀ ਰਾਤ ਨੂੰ ਆਪਣੇ ਘਰਾਂ ਵਿੱਚ ਦਾਖ਼ਲ ਹੁੰਦੇ ਹਨ। ਇਸ ਕਾਰਨ ਮਾਪਿਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪਿੰਡ ਤਨੂੰਲੀ ਦੇ ਅੱਡੇ ’ਤੇ ਬੱਸਾਂ ਦੇ ਰੁਕਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਬੱਸ ਚਾਲਕਾਂ ਨੂੰ ਅੱਡੇ ’ਤੇ ਬੱਸਾਂ ਰੋਕਣ ਸਬੰਧੀ ਸਖ਼ਤ ਹਦਾਇਤਾਂ ਦਿੱਤੀਆਂ ਜਾਣ। ਇਸ ਸਬੰਧੀ ਪਿੰਡ ਦੇ ਸਰਪੰਚ ਕਿਸ਼ਨ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਮਹਿਕਮੇ ਨੂੰ ਇਸ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਸਮੱਸਿਆ ਦਾ ਹੱਲ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਵਿਦਿਆਰਥੀਆਂ ਨੇ ਆਸ ਪ੍ਰਗਟਾਈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਇਸ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਪਿੰਡ ਤਨੂੰਲੀ ਦੇ ਅੱਡੇ ’ਤੇ ਬੱਸਾਂ ਰੁਕਣ ਦੀ ਵਿਵਸਥਾ ਯਕੀਨੀ ਬਣਾਉਣਗੇ।