ਪਾਲਦੀ ਸਿਹਤ ਕੇਂਦਰ ’ਚ ਡਾਕਟਰਾਂ ਤੇ ਸਟਾਫ ਦੀ ਘਾਟ ਪਾਲਦੀ ਸਿਹਤ ਕੇਂਦਰ ਵਿੱਚ ਡਾਕਟਰਾਂ ਤੇ ਸਟਾਫ ਦੀ ਘਾਟ
Publish Date: Tue, 03 Nov 2026 03:25 PM (IST)
Updated Date: Tue, 03 Nov 2026 03:26 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਪਾਲਦੀ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਘਾਟ ਕਾਰਨ ਲੋਕਾਂ ਨੂੰ ਸਿਹਤ ਸਹੂਲਤਾਂ ਲੈਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ। ਇਸ ਸਿਹਤ ਕੇਂਦਰ ਦਾ ਨੀਂਹ ਪੱਥਰ 19 ਮਈ 1957 ਨੂੰ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ਰੱਖਿਆ ਗਿਆ ਸੀ। ਇਹ ਕੇਂਦਰ ਲਗਭਗ 151 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਦਾ ਹੈ। ਹੈਲਥ ਕੇਅਰ ਮੂਵਮੈਂਟ ਦੇ ਆਗੂ ਜੈ ਗੋਪਾਲ ਧੀਮਾਨ ਨੇ ਸਿਹਤ ਕੇਂਦਰ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਇੱਥੇ ਗਾਇਨੀਕੋਲੋਜਿਸਟ, ਅੱਖਾਂ, ਬੱਚਿਆਂ ਅਤੇ ਹੱਡੀਆਂ ਦੇ ਮਾਹਿਰ ਡਾਕਟਰਾਂ ਸਮੇਤ ਰੇਡੀਓਗ੍ਰਾਫਰ ਦੀਆਂ ਅਸਾਮੀਆਂ ਖਾਲੀ ਹਨ। ਸਿਰਫ਼ ਇੱਕ ਮੈਡੀਕਲ ਅਫ਼ਸਰ ਕੰਮ ਕਰ ਰਿਹਾ ਹੈ। ਇਸ ਕੇਂਦਰ ਅਧੀਨ 29 ਸਬ-ਸੈਂਟਰਾਂ ਵਿੱਚ 29 ਏਐੱਨਐੱਮ ਦੀਆਂ ਅਸਾਮੀਆਂ ਵਿੱਚੋਂ ਸਿਰਫ਼ 9 ਮੁਲਾਜ਼ਮ ਤਾਇਨਾਤ ਹਨ। ਇਸੇ ਤਰ੍ਹਾਂ ਸਿਹਤ ਇੰਸਪੈਕਟਰਾਂ ਅਤੇ ਹੈਲਥ ਵਰਕਰਾਂ ਦੀ ਵੀ ਘਾਟ ਹੈ। ਧੀਮਾਨ ਨੇ ਜੱਚਾ-ਬੱਚਾ ਵਾਰਡ ਵਿੱਚ ਔਰਤਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਅਤੇ ਪੌਸ਼ਟਿਕ ਭੋਜਨ ਨਾ ਮਿਲਣ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਰਨਾ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਖਾਲੀ ਅਸਾਮੀਆਂ ਤੁਰੰਤ ਭਰਨ ਅਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਦੀ ਮੰਗ ਕਰਦਿਆਂ ਲੋਕਾਂ ਨੂੰ ਵੀ ਇਸ ਲਈ ਸੰਘਰਸ਼ ਕਰਨ ਦੀ ਅਪੀਲ ਕੀਤੀ।