‘ਸ਼ੀਸ਼ ਮਹਿਲ’ ਵਿਵਾਦ ਨੇ ਕੇਜਰੀਵਾਲ ਦੀ ਝੂਠੀ ਸਾਦਗੀ ਦਾ ਕੀਤਾ ਪਰਦਾਫ਼ਾਸ਼ : ਨੰਨੂ ‘ਸ਼ੀਸ਼ ਮਹਿਲ’ ਵਿਵਾਦ ਨੇ ਕੇਜਰੀਵਾਲ ਦੀ ਝੂਠੀ ਸਾਦਗੀ ਦਾ ਪਰਦਾਫ਼ਾਸ਼ ਕੀਤਾ: ਨਿਤਿਨ ਗੁਪਤਾ ਨੰਨੂ
Publish Date: Sun, 29 Nov 2026 03:57 PM (IST)
Updated Date: Mon, 30 Nov 2026 04:02 AM (IST)
ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ‘ਆਪ’ ਸਰਕਾਰ ਤੋਂ ਸਰਕਾਰੀ ਖ਼ਰਚਿਆਂ ਤੇ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਹਿਸਾਬ ਮੰਗਿਆ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਨਿਤਿਨ ਗੁਪਤਾ ਨੰਨੂ ਨੇ ਦਿੱਲੀ ਦੇ ਕਥਿਤ ‘ਸ਼ੀਸ਼ ਮਹਿਲ’ ਵਿਵਾਦ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਇਸ ਵਿਵਾਦ ਨੇ ਕੇਜਰੀਵਾਲ ਦੇ ਆਮ ਆਦਮੀ ਅਤੇ ਸਾਦਗੀ ਵਾਲੇ ਅਕਸ ਦੀ ਅਸਲੀਅਤ ਲੋਕਾਂ ਸਾਹਮਣੇ ਲਿਆ ਦਿੱਤੀ ਹੈ ਅਤੇ ਉਨ੍ਹਾਂ ਦੇ ਦੋਹਰੇ ਮਾਪਦੰਡਾਂ ਦਾ ਪਰਦਾਫ਼ਾਸ਼ ਕੀਤਾ ਹੈ। ਨਿਤਿਨ ਗੁਪਤਾ ਨੰਨੂ ਨੇ ਕਿਹਾ ਕਿ ਰਾਜਨੀਤੀ ਵਿੱਚ ਆਉਣ ਸਮੇਂ ਅਰਵਿੰਦ ਕੇਜਰੀਵਾਲ ਨੇ ਸਰਕਾਰੀ ਬੰਗਲਾ ਨਾ ਲੈਣ, ਵੈਗਨਆਰ ਕਾਰ ਵਿੱਚ ਸਫ਼ਰ ਕਰਨ ਅਤੇ ਵੀਆਈਪੀ ਸੱਭਿਆਚਾਰ ਖ਼ਤਮ ਕਰਨ ਦੇ ਵਾਅਦੇ ਕੀਤੇ ਸਨ ਪਰ ਹੁਣ ‘ਸ਼ੀਸ਼ ਮਹਿਲ’ ਵਿਵਾਦ ਨੇ ਉਨ੍ਹਾਂ ਦੀ ਕਥਿਤ ਸਾਦਗੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੀਬ 59 ਕਰੋੜ ਰੁਪਏ ਸ਼ਾਨਦਾਰ ਝੂਮਰਾਂ, ਮਹਿੰਗੇ ਪਰਦਿਆਂ ਅਤੇ ਮਾਡਿਊਲਰ ਰਸੋਈ ਵਰਗੀਆਂ ਸਹੂਲਤਾਂ ’ਤੇ ਖ਼ਰਚ ਕੀਤੇ ਗਏ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਨਜ਼ ਕੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਤੀਰਥ ਯਾਤਰਾ ਯੋਜਨਾ ਚਲਾਈ ਜਾ ਰਹੀ ਹੈ, ਉਸੇ ਤਰ੍ਹਾਂ ‘ਸ਼ੀਸ਼ ਮਹਿਲ’ ਦੇ ਦਰਸ਼ਨਾਂ ਲਈ ਵੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਪੰਜਾਬ ਦੇ ਲੋਕ ਦੇਖ ਸਕਣ ਕਿ ਜਨਤਾ ਦੇ ਪੈਸੇ ਦੀ ਵਰਤੋਂ ਕਿਵੇਂ ਕੀਤੀ ਗਈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵੋਟਰ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਅਤੇ ਕਥਿਤ ਪਾਖੰਡ ਵਿਰੁੱਧ ਆਪਣਾ ਫ਼ੈਸਲਾ ਸੁਣਾ ਚੁੱਕੇ ਹਨ। ਹੁਣ ਪੰਜਾਬ ਨੂੰ ਰਾਜਨੀਤਿਕ ਮਹੱਤਵਾਕਾਂਖਾਵਾਂ ਅਤੇ ਨਿੱਜੀ ਐਸ਼ੋ-ਆਰਾਮ ਦਾ ਕੇਂਦਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਤਿਨ ਗੁਪਤਾ ਨੰਨੂ ਨੇ ਕਿਹਾ ਕਿ ਪੰਜਾਬ ਕਿਸੇ ਦੀ ਨਿੱਜੀ ਜਾਗੀਰ ਨਹੀਂ ਹੈ। ਸੂਬਾ ਸਰਕਾਰ ਨੂੰ ਲਗਾਤਾਰ ਵਧ ਰਹੇ ਕਰਜ਼ੇ ਅਤੇ ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤੀ ਜਾ ਰਹੀ ਰਕਮ ਦਾ ਹਿਸਾਬ ਜਨਤਾ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਤੇ ਜਨਤਾ ਦੇ ਪੈਸੇ ਦੀ ਪਾਈ-ਪਾਈ ਦਾ ਹਿਸਾਬ ਮੰਗਦੀ ਰਹੇਗੀ।