- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਣਾਂ ਤੋਂ ਦੋ ਮਹੀਨੇ ਬਾਅਦ ਵੀ ਖਾਲੀ ਨਹੀਂ ਹੋਏ ਸਕੂਲ ਦੇ ਕਮਰੇ

- ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ ਦਿੱਕਤਾਂ ਦਾ ਸਾਹਮਣਾ, 3 ਪੁਲਿਸ ਮੁਲਾਜ਼ਮ ਕਰ ਰਹੇ ਰਾਤ-ਦਿਨ ਡਿਊਟੀ
ਦੀਪਕ ਮੱਟੂ, ਪੰਜਾਬੀ ਜਾਗਰਣ
ਸ਼ਾਮ ਚੁਰਾਸੀ : ਨਗਰ ਕੌਂਸਲ ਸ਼ਾਮ ਚੁਰਾਸੀ ਦੀਆਂ ਚੋਣਾਂ ਦੌਰਾਨ ਵੋਟਿੰਗ ਮਸ਼ੀਨਾਂ ਰੱਖਣ ਲਈ ਸਥਾਨਕ ਖਾਲਸਾ ਸਕੂਲ ਦੇ ਦੋ ਕਮਰਿਆਂ ਨੂੰ ਸਟਰਾਂਗ ਰੂਮ ਵਜੋਂ ਵਰਤਿਆ ਗਿਆ ਸੀ। ਚੋਣਾਂ ਨੂੰ ਲਗਭਗ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਕਮਰੇ ਹਾਲੇ ਤੱਕ ਸਕੂਲ ਪ੍ਰਬੰਧਕਾਂ ਨੂੰ ਵਾਪਸ ਨਾ ਮਿਲਣ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਕਮਰਿਆਂ ਵਿੱਚ ਚੋਣ ਮਸ਼ੀਨਾਂ ਰੱਖੀਆਂ ਹੋਣ ਕਾਰਨ ਸਕੂਲ ਦੀਆਂ ਕਲਾਸਾਂ ਪ੍ਰਭਾਵਿਤ ਹੋ ਰਹੀਆਂ ਹਨ। ਸਕੂਲ ਦੇ ਨੌਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਿਰਧਾਰਤ ਕਮਰੇ ਉਪਲਬਧ ਨਾ ਹੋਣ ਕਾਰਨ ਉਨ੍ਹਾਂ ਨੂੰ ਹੋਰ ਕਲਾਸਾਂ ਦੇ ਕਮਰਿਆਂ ਵਿੱਚ ਸ਼ਿਫਟ ਕਰਨਾ ਪਿਆ ਹੈ। ਇਸ ਕਾਰਨ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉੱਥੇ ਸਕੂਲ ਵਿੱਚ ਉਪਲਬਧ ਕਲਾਸਰੂਮਾਂ ’ਤੇ ਵੀ ਵਾਧੂ ਬੋਝ ਪੈ ਰਿਹਾ ਹੈ। ਇਸ ਤੋਂ ਇਲਾਵਾ ਚੋਣ ਮਸ਼ੀਨਾਂ ਦੀ ਸੁਰੱਖਿਆ ਲਈ ਤਿੰਨ ਪੁਲਿਸ ਕਰਮਚਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ। ਅਜਿਹੇ ਵਿੱਚ ਚੋਣਾਂ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਮਸ਼ੀਨਾਂ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।
ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਿੰਗ ਮਸ਼ੀਨਾਂ ਨੂੰ ਸਕੂਲ ਦੇ ਕਲਾਸਰੂਮਾਂ ਵਿੱਚ ਰੱਖਣ ਦੀ ਬਜਾਏ ਕਿਸੇ ਨਿਰਧਾਰਤ ਸੁਰੱਖਿਅਤ ਸਟਰਾਂਗ ਰੂਮ ਵਿੱਚ ਤਬਦੀਲ ਕੀਤਾ ਜਾਵੇ, ਤਾਂ ਜੋ ਸਕੂਲ ਦੇ ਕਮਰੇ ਵਿਦਿਆਰਥੀਆਂ ਲਈ ਮੁੜ ਉਪਲਬਧ ਹੋ ਸਕਣ। ਲੋਕਾਂ ਦਾ ਕਹਿਣਾ ਹੈ ਕਿ ਸਕੂਲ ਬੱਚਿਆਂ ਦੀ ਪੜ੍ਹਾਈ ਲਈ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਕਲਾਸਰੂਮਾਂ ਨੂੰ ਚੋਣ ਸਮੱਗਰੀ ਲਈ ਵਰਤਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅਤੇ ਸਬੰਧਿਤ ਚੋਣ ਅਧਿਕਾਰੀਆਂ ਤੋਂ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਮਸ਼ੀਨਾਂ ਨੂੰ ਕਿਸੇ ਨਿਰਧਾਰਤ ਸਟਰਾਂਗ ਰੂਮ ਵਿੱਚ ਤਬਦੀਲ ਕਰਨ ਅਤੇ ਸਕੂਲ ਦੇ ਦੋਵੇਂ ਕਮਰੇ ਖਾਲੀ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਚੋਣ ਸੈੱਲ ਅਧਿਕਾਰੀ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਈਵੀਐੱਮ ਮਸ਼ੀਨਾਂ ਨੂੰ ਸੁਰੱਖਿਅਤ ਰੱਖਣ ਅਤੇ ਢੁੱਕਵੀਂ ਜਗ੍ਹਾ ਲਈ ਐੱਸਡੀਐੱਮ ਦਫ਼ਤਰ ਨੂੰ ਲਿਖਤੀ ਸੂਚਿਤ ਕਰ ਦਿੱਤਾ ਗਿਆ ਹੈ। ਜਲਦੀ ਹੀ ਈਵੀਐੱਮ ਮਸ਼ੀਨਾਂ ਸ਼ਾਮ ਚੁਰਾਸੀ ਸਕੂਲ ਤੋਂ ਚੁੱਕ ਲਾਈਆਂ ਜਾਣਗੀਆਂ। ਜੇਕਰ ਕਿਸੀ ਨੇ ਚੋਣਾਂ ਸਬੰਧੀ ਕੋਈ ਰਿੱਟ ਵਗੈਰਾ ਪਾਈ ਹੋਈ ਤਾਂ ਉਸ ਵਾਰਡ ਦੀ ਮਸ਼ੀਨ ਨੂੰ ਹੀ ਅਲੱਗ ਰੱਖਿਆ ਜਾਵੇਗਾ ਨਹੀਂ ਤਾ ਸਾਰੀਆਂ ਮਸ਼ੀਨਾਂ ਨੂੰ ਚੱਕ ਲਿਆ ਜਾਵੇਗਾ।