ਕਾਂਗਰਸ ਟੀਮ ਸਮੇਤ ਦੇਰ ਸ਼ਾਮ ਮਿਆਣੀ ਪਹੁੰਚੇ ਸਚਿਨ ਪਾਇਲਟ ਕਾਂਗਰਸ ਟੀਮ ਸਮੇਤ ਦੇਰ ਸ਼ਾਮ ਮਿਆਣੀ ਪਹੁੰਚੇ ਸਚਿਨ ਪਾਇਲਟ
Publish Date: Sun, 18 Oct 2026 08:31 PM (IST)
Updated Date: Sun, 18 Oct 2026 08:33 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਪੰਜਾਬ ਪ੍ਰਧਾਨ ਪਰਗਟ ਸਿੰਘ, ਸਹਿ ਇੰਚਾਰਜ ਸੂਰਜ ਠਾਕੁਰ ਨੇ ਕਾਰਜਕਾਰੀ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਹੋਰ ਜ਼ਿਲਾ ਲੀਡਰਸ਼ਿਪ ਦੀ ਮੌਜੂਦਗੀ ਵਿਚ ਗੈਂਗਸਟਰਾਂ ਵੱਲੋਂ ਰਕਮ ਲੈ ਕੇ ਕਤਲ ਕੀਤੇ ਗਏ ਬਲਵਿੰਦਰ ਸਿੰਘ ਸਤਿਕਰਤਾਰ ਦੇ ਘਰ ਮਿਆਣੀ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਦੇ ਭਰਾ ਪ੍ਰਿੰਸੀਪਲ ਸਤਵਿੰਦਰ ਸਿੰਘ, ਲਖਵਿੰਦਰ ਸਿੰਘ ਮਟੀਆਣਾ ਨੇ ਪਾਇਲਟ ਅਤੇ ਪ੍ਰਗਟ ਸਿੰਘ ਨੂੰ ਵਿਦੇਸ਼ ਬੈਠੇ ਵਿਅਕਤੀਆਂ ਵੱਲੋਂ ਗੈਂਗਸਟਰਾਂ ਰਾਹੀਂ ਕਰਵਾਏ ਗਏ ਇਸ ਦਿਨ ਦਿਹਾੜੇ ਹੋਏ ਕਤਲ ਅਤੇ ਇਸ ਸਾਜਿਸ਼ ਵਿਚ ਸ਼ਾਮਲ ਲੋਕਾਂ ਬਾਰੇ ਦੱਸਿਆ। ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ, ਗੁੰਡਾਗਰਦੀ ਅਤੇ ਨਸ਼ਾ ਤਸਕਰੀ ਦੇ ਹਲਾਤ ਬੇਹੱਦ ਚਿੰਤਾਜਨਕ ਹਨ। ਉਨ੍ਹਾਂ ਆਖਿਆ ਕਿ ਨਸ਼ਾ ਤਸਕਰੀ ਅਤੇ ਗੈਂਗਸਟਰਵਾਦ ਦੇ ਬੁਰੇ ਵਰਤਾਰੇ ਵਿਚ ਮਾੜੇ ਅਨਸਰਾਂ ਦੇ ਨਾਲ ਨਾਲ ਪੁਲਿਸ ਅਤੇ ਰਾਜਨੀਤਿਕ ਲੋਕ ਸ਼ਾਮਲ ਹਨ। ਉਨ੍ਹਾਂ ਮਿਆਣੀ ਕਤਲ ਕਾਂਡ ਦੇ ਬਾਰੇ ਐੱਫ. ਬੀ. ਆਈ. ਦੀ ਖੁਲਾਸੇ ਦਾ ਜਿਕਰ ਕਰਦੇ ਹੋਏ ਪੰਜਾਬ ਪੁਲਿਸ ਦੀ ਕਾਰਗੁਜਾਰੀ ਤੇ ਸਵਾਲ ਖੜਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਅਪਰਾਧੀਆਂ, ਨਸ਼ਾ ਤਸਕਰਾਂ ਅਤੇ ਰਾਜਨੀਤਿਕ ਲੋਕਾਂ ਦੇ ਇਸ ਕਥਿਤ ਗੱਠਜੋੜ ਨੂੰ ਖ਼ਤਮ ਕਰਨਾ ਸਮੇਂ ਦੀ ਮੁੱਖ ਲੋੜ ਹੈ। ਕਾਂਗਰਸ ਆਉਣ ਵਾਲੀਆਂ ਚੋਣਾਂ ਲਈ ਇਸ ਮੁੱਦੇ ’ਤੇ ਇੱਕ ਠੋਸ ਨੀਤੀ ਲੈ ਕੇ ਆਵੇਗੀ, ਜਿਸ ਦਾ ਉਦੇਸ਼ ਸੂਬੇ ਵਿਚ ਕਾਨੂੰਨ ਦਾ ਰਾਜ ਬਹਾਲ ਕਰਨਾ, ਨਸ਼ਾ ਤਸਕਰੀ ’ਤੇ ਰੋਕ ਲਗਾਉਣਾ ਅਤੇ ਲੋਕਾਂ ਦਾ ਪੁਲਿਸ ਤੇ ਪ੍ਰਸ਼ਾਸਨ ਵਿੱਚ ਭਰੋਸਾ ਮਜ਼ਬੂਤ ਕਰਨਾ ਹੋਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਨਸ਼ਿਆਂ ਦੀ ਸਮੱਸਿਆ ਬੇਹੱਦ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਅਤੇ ਚਿੱਟੇ ਤੇ ਮੈਡੀਕਲ ਨਸ਼ਿਆਂ ਦੀ ਕਥਿਤ ਤੌਰ ’ਤੇ ਰਾਸ਼ਨ ਵਾਂਗ ਹੋਮ ਡਿਲਿਵਰੀ ਹੋਣਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਜਦਕਿ ਜ਼ਮੀਨੀ ਪੱਧਰ ’ਤੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਪੁਲਿਸ ਦੀ ਭੂਮਿਕਾ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਇੱਕ ਪੇਸ਼ੇਵਰ ਕਾਨੂੰਨ ਲਾਗੂ ਕਰਨ ਵਾਲੀ ਅਤੇ ਜਾਂਚ ਏਜੰਸੀ ਵਜੋਂ ਕੰਮ ਕਰਨਾ ਚਾਹੀਦਾ ਹੈ, ਪਰ ਮੌਜੂਦਾ ਹਾਲਾਤ ਵਿੱਚ ਇਸ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮੌਕੇ ਜ਼ਿਲਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਪ੍ਰਧਾਨ ਮੋਹਿੰਦਰ ਸਿੰਘ ਗਿਲਜੀਆਂ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਇੰਦੂ ਬਾਲਾ, ਅਰੁਣ ਡੋਗਰਾ, ਪਵਨ ਕੁਮਾਰ ਆਦੀਆ, ਐਡਵੋਕੇਟ ਰੋਹਿਤ ਜੋਸ਼ੀ, ਲਵ ਕੁਮਾਰ ਗੋਲਡੀ, ਅਮਰਪ੍ਰੀਤ ਸਿੰਘ ਲਾਲੀ, ਐਡਵੋਕੇਟ ਰਣਜੀਤ ਕੁਮਾਰ, ਅਵਤਾਰ ਸਿੰਘ ਖੋਖਰ, ਜੋਗਿੰਦਰ ਸਿੰਘ ਗਿਲਜੀਆਂ, ਜਸਵਿੰਦਰ ਸਿੰਘ ਜੱਸਾ ਆਦਿ ਮੌਜੂਦ ਸਨ।