- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਮਓਯੂ ਤੋਂ ਬਿਨਾਂ ਚੱਲ ਰਹੇ ਸਕੂਲ ਵਿੱਚ ਸਟਾਫ ਅਤੇ ਵਿਦਿਆਰਥੀ ਅਣਸੁਰੱਖਿਅਤ

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ,
ਤਲਵਾੜਾ :
ਕਾਂਗਰਸੀ ਆਗੂ ਰਾਜੀਵ ਸ਼ਰਮਾ ਨੇ ਬੀਬੀਐੱਮਬੀ ਡੀਏਵੀ ਪਬਲਿਕ ਸਕੂਲ, ਤਲਵਾੜਾ ਦੇ ਪ੍ਰਬੰਧਨ ਨੂੰ ਲੈ ਕੇ ਕਈ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਇਹ ਸਕੂਲ ਅੱਜ ਕਥਿਤ ਤੌਰ 'ਤੇ ਰਾਜਨੀਤਿਕ ਸਾਜ਼ਿਸ਼ ਦਾ ਸ਼ਿਕਾਰ ਬਣਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਜਾਣਕਾਰੀ ਨੇ ਸਕੂਲ ਦੇ ਸੰਚਾਲਨ ਸੰਬੰਧੀ ਕਈ ਅਹਿਮ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਹੈ, ਜਿਨ੍ਹਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਕਰਮਚਾਰੀਆਂ ਵੱਲੋਂ ਬਣਾਈ ਗਈ ਜੁਆਇੰਟ ਐਕਸ਼ਨ ਕਮੇਟੀ ਦਾ ਧਰਨਾ ਹੁਣ ਕਰੀਬ 218 ਦਿਨਾਂ ਵਿੱਚ ਦਾਖਲ ਹੋ ਚੁੱਕਾ ਹੈ, ਪਰ ਨਾ ਤਾਂ ਬੀਬੀਐੱਮਬੀ ਪ੍ਰਸ਼ਾਸਨ ਤੇ ਨਾ ਹੀ ਸੰਬੰਧਤ ਵਿਭਾਗ ਇਸ ਮਾਮਲੇ ਦਾ ਕੋਈ ਢੁੱਕਵਾਂ ਹੱਲ ਕੱਢਣ ਲਈ ਅੱਗੇ ਆਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਆਖ਼ਿਰ ਅਜਿਹੀ ਕਿਹੜੀ ਮਜ਼ਬੂਰੀ ਹੈ ਕਿ ਇੰਨਾ ਲੰਬਾ ਸੰਘਰਸ਼ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਚੁੱਪੀ ਧਾਰ ਕੇ ਬੈਠਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਕਰਮਚਾਰੀਆਂ ਨੂੰ ਲਗਭਗ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਰਾਜੀਵ ਸ਼ਰਮਾ ਨੇ ਦਾਅਵਾ ਕੀਤਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਬੀਬੀਐੱਮਬੀ ਡੀਏਵੀ ਪਬਲਿਕ ਸਕੂਲ ਦਾ ਸੰਚਾਲਨ ਸਹੀ ਐੱਮਓਯੂ ਤੋਂ ਬਿਨਾਂ ਕੀਤੇ ਜਾਣ ਸਬੰਧੀ ਚਰਚਾਵਾਂ ਚੱਲ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਰੋਸੇਯੋਗ ਸੂਤਰਾਂ ਅਨੁਸਾਰ ਲੋਕਲ ਮੈਨੇਜਮੈਂਟ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਐੱਲਐੱਮਸੀ ਦੇ ਪ੍ਰਧਾਨ ਤੇ ਬੀਬੀਐੱਮਬੀ ਤਲਵਾੜਾ ਦੇ ਉਪ ਮੁੱਖ ਇੰਜੀਨੀਅਰ ਵਿਮਲ ਕੁਮਾਰ ਮੀਣਾ ਦੀ ਪ੍ਰਧਾਨਗੀ ਹੇਠ ਮੌਜੂਦਾ ਹੈੱਡਮਾਸਟਰ ਰੋਹਿਤ ਕੁਮਾਰ ਸਲਾਰੀਆ ਨੂੰ ਪ੍ਰਿੰਸੀਪਲ ਵਜੋਂ ਤਰੱਕੀ ਦੇਣ ਸਬੰਧੀ ਪ੍ਰਸਤਾਵ ਪਾਸ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਅਜਿਹਾ ਕੋਈ ਪ੍ਰਸਤਾਵ ਨਾ ਤਾਂ ਵਿਚਾਰ ਅਧੀਨ ਆਇਆ ਤੇ ਨਾ ਹੀ ਮਨਜ਼ੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਪਾਰਦਰਸ਼ਤਾ ਲਿਆਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸੰਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਕੂਲ ਦੇ ਸੰਚਾਲਨ ਨਾਲ ਸੰਬੰਧਤ ਐੱਮਓਯੂ ਤੇ ਹੋਰ ਸਾਰੇ ਕਾਨੂੰਨੀ ਦਸਤਾਵੇਜ਼ ਜਨਤਕ ਕੀਤੇ ਜਾਣ, ਐੱਲਐੱਮਸੀ ਦੀ ਪਹਿਲੀ ਮੀਟਿੰਗ ਦੀ ਕਾਰਵਾਈ, ਪ੍ਰਸਤਾਵਾਂ ਤੇ ਮਿੰਟਸ ਦੀ ਸੁਤੰਤਰ ਜਾਂਚ ਕਰਵਾਈ ਜਾਵੇ, ਜੇਕਰ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੈਂਕੜੇ ਵਿਦਿਆਰਥੀਆਂ ਦੇ ਭਵਿੱਖ, ਸਿੱਖਿਆ ਤੇ ਸਕੂਲ ਦੀ ਭਰੋਸੇਯੋਗਤਾ ਨਾਲ ਵੀ ਜੁੜਿਆ ਹੋਇਆ ਹੈ।