ਸਪੇਸ ਦੀ ਲਿਖਤੀ ਗਾਰੰਟੀ ਸਮੇਤ ਕਈ ਮੰਗਾਂ ’ਤੇ ਅੜੇ ਰਾਈਸ ਮਿੱਲਰ ਸਪੇਸ ਦੀ ਲਿਖਤੀ ਗਾਰੰਟੀ ਸਮੇਤ ਕਈ ਮੰਗਾਂ ’ਤੇ ਅੜੇ ਰਾਈਸ ਮਿਲਰ
Publish Date: Fri, 02 Oct 2026 03:59 PM (IST)
Updated Date: Fri, 02 Oct 2026 04:01 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਜ਼ਿਲ੍ਹਾ ਰਾਈਸ ਮਿੱਲ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਟਾਂਡਾ ਵਿਖੇ ਜ਼ਿਲ੍ਹਾ ਪ੍ਰਧਾਨ ਸੰਜੀਵ ਨਈਅਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਰਾਈਸ ਮਿੱਲਰਾਂ ਨੇ ਸ਼ਮੂਲੀਅਤ ਕੀਤੀ ਅਤੇ ਮਿਲਿੰਗ ਨਾਲ ਸਬੰਧਿਤ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਗੜ੍ਹਸ਼ੰਕਰ, ਟਾਂਡਾ ਅਤੇ ਮੁਕੇਰੀਆਂ ਲਈ ਨਵੇਂ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਮੀਟਿੰਗ ਦੌਰਾਨ ਗੁਰਜੀਤ ਸਿੰਘ ਸੰਘਾ ਨੂੰ ਗੜ੍ਹਸ਼ੰਕਰ, ਹਨੀ ਬੰਸਲ ਨੂੰ ਟਾਂਡਾ ਅਤੇ ਵੀਰਿੰਦਰ ਅਗਰਵਾਲ ਨੂੰ ਮੁਕੇਰੀਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਗੁਰਤੇਜ ਸਿੰਘ ਨੂੰ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ। ਮੀਟਿੰਗ ਦੌਰਾਨ ਮਿੱਲਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 31 ਮਾਰਚ ਤੱਕ ਮਿਲਿੰਗ ਲਈ 100 ਫ਼ੀਸਦੀ ਸਪੇਸ ਦੀ ਲਿਖਤੀ ਗਾਰੰਟੀ ਦਿੱਤੀ ਜਾਵੇ। ਜੇਕਰ ਮਿਲਿੰਗ ਦਾ ਕੰਮ 31 ਮਾਰਚ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ ਤਾਂ ਹਰ ਵਾਧੂ ਮਹੀਨੇ ਲਈ ਯੀਲਡ ਵਿੱਚ 2 ਫ਼ੀਸਦੀ ਦੀ ਛੋਟ ਦੇਣ ਦੀ ਵਿਵਸਥਾ ਕੀਤੀ ਜਾਵੇ। ਮਿੱਲਰਾਂ ਨੇ ਹਾਈਬ੍ਰਿਡ ਬੀਜਾਂ ਸਬੰਧੀ ਵੀ ਸਮੱਸਿਆ ਉਠਾਈ। ਉਨ੍ਹਾਂ ਕਿਹਾ ਕਿ ਹਾਈਬ੍ਰਿਡ ਝੋਨੇ ਵਿੱਚ ਬਰੋਕਨ ਦੀ ਮਾਤਰਾ ਕਰੀਬ 40 ਫ਼ੀਸਦੀ ਤੱਕ ਪਹੁੰਚ ਰਹੀ ਹੈ। ਅਜਿਹੇ ਵਿੱਚ 10 ਫ਼ੀਸਦੀ ਬਰੋਕਨ ਦੀ ਸ਼ਰਤ ਤਹਿਤ ਸਰਕਾਰੀ ਮਾਲ ਲੈਣਾ ਮਿੱਲਰਾਂ ਲਈ ਮੁਸ਼ਕਿਲ ਹੈ। ਉਨ੍ਹਾਂ ਹਾਈਬ੍ਰਿਡ ਬੀਜਾਂ ਦਾ ਟ੍ਰਾਇਲ ਕਰਵਾਉਣ ਦੀ ਮੰਗ ਕੀਤੀ। ਮਿੱਲਰਾਂ ਨੇ ਪਿਛਲੇ ਸਾਲ ਦੇ ਕਿਰਾਏ ਦੀ ਅਦਾਇਗੀ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 300-400 ਕਿਲੋਮੀਟਰ ਦੂਰ ਜਾ ਕੇ ਸਰਕਾਰੀ ਮਾਲ ਚੁੱਕਣ ਵਾਲੇ ਮਿਲਰਾਂ ਨੂੰ ਸਿਰਫ਼ ਨੇੜਲੇ 2-3 ਕਿਲੋਮੀਟਰ ਦੂਰ ਸਥਿਤ ਡਿਪੂ ਦਾ ਕਿਰਾਇਆ ਦਿੱਤਾ ਗਿਆ। ਮਿੱਲਰਾਂ ਨੇ ਸ਼ੈਲਰਾਂ ਵਿੱਚ ਪਏ ਕਰੀਬ 15 ਫੀਸਦੀ ਬਰੋਕਨ ਦੇ ਨਿਪਟਾਰੇ ਦੀ ਮੰਗ ਵੀ ਰੱਖੀ। ਉਨ੍ਹਾਂ ਕਿਹਾ ਕਿ ਜੇਕਰ ਪਹਿਲੀ ਬੋਲੀ ਵਿੱਚ ਇਹ ਮਾਲ ਨਹੀਂ ਵਿਕਦਾ ਤਾਂ ਮਿਲਰ ਨੂੰ ਰਿਜ਼ਰਵ ਕੀਮਤ ਦੇ ਅਨੁਸਾਰ ਰਕਮ ਜਮ੍ਹਾਂ ਕਰਵਾ ਕੇ ਮਾਲ ਦਾ ਨਿਪਟਾਰਾ ਕਰਨ ਦਾ ਬਦਲ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸੁਰਿੰਦਰ ਜੀ ਗੜ੍ਹਸ਼ੰਕਰ, ਵਿਜੇ ਐਰੀ, ਬਾਜਵਾ, ਕੁਲਵੰਤ ਠਾਕੁਰ, ਮਨੀ ਠਾਕੁਰ, ਮਨਦੀਪ ਠਾਕੁਰ, ਸੁਖਦੇਵ ਗੋਇਲ, ਰਣਦੀਪ ਕੁਮਾਰ, ਜਤਿਨ ਨਈਅਰ, ਜਗਦੀਪ ਸਿੰਘ ਠੁਕਰਾਲ, ਆਨੰਦ ਰਹਲਾਨ, ਸੁਧੀਰ ਸੋਂਧੀ, ਪਰਮਜੀਤ ਮੋਟੀਆ, ਰਾਜੀਵ ਮਾਰਵਾਹਾ, ਪ੍ਰਦੁਮਨ ਮਾਰਵਾਹਾ, ਹਨੀ ਬੰਸਲ, ਗੁਰਿੰਦਰ ਸਿੰਘ ਘੈਂਟ, ਵਰਜਿੰਦਰ ਅਗਰਵਾਲ, ਮਨਿੰਦਰਜੀਤ ਸਿੰਘ ਮਨੀ, ਗੁਰਜੀਤ ਸੰਘਾ, ਸੁਸ਼ੀਲ ਗੁਪਤਾ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ।