- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਤੀ ਰਸ ਨਾਲ ਜੁੜ ਕੇ ਹੀ ਗੁਰੂ ਤੇ ਗੁਰਸਿੱਖੀ ਦੀ ਪ੍ਰਾਪਤੀ ਹੁੰਦੀ ਹੈ " ਸੰਤ ਬਾਬਾ ਗੁਰਦਿਆਲ ਸਿੰਘ "

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੜ : ਮਹਾਨ ਸਾਲਾਨਾ ਇਕੋਤਰੀ ਸਮਾਗਮ ਦੌਰਾਨ ਸੰਗਤਾਂ ਅੰਦਰ ਸ਼ਰਧਾ ਅਤੇ ਉਤਸ਼ਾਹ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦੀ ਧਰਤੀ ’ਤੇ ਲੰਮੇ ਸਮੇਂ ਤੋਂ ਨਿਰੰਤਰ ਚੱਲ ਰਹੇ ਇਸ ਇਕੋਤਰੀ ਸਮਾਗਮ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਉਪਦੇਸ਼ਾਂ ਨਾਲ ਜੁੜਨ ਅਤੇ ਗੁਰੂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਆਪਣੇ ਪ੍ਰਵਚਨਾਂ ਦੌਰਾਨ ਕਿਹਾ ਕਿ ਅੱਜ ਦੇ ਸਮੇਂ ਵਿੱਚ ਗੁਰੂ ਅਤੇ ਗੁਰਬਾਣੀ ਨੂੰ ਮੰਨਣ ਵਾਲਿਆਂ ਦੀ ਗਿਣਤੀ ਤਾਂ ਬਹੁਤ ਹੈ ਪਰ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਵਾਲੇ ਬਹੁਤ ਘੱਟ ਹਨ। ਜਿਹੜਾ ਮਨੁੱਖ ਪੂਰਨ ਸ਼ਰਧਾ ਅਤੇ ਸਮਰਪਣ ਭਾਵ ਨਾਲ ਗੁਰੂ ਦੇ ਦਰਸਾਏ ਮਾਰਗ ’ਤੇ ਚੱਲਦਾ ਹੈ, ਉਹੀ ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਪ੍ਰਾਪਤ ਕਰ ਸਕਦਾ ਹੈ। ਮਨੁੱਖੀ ਜੀਵਨ ਦੀ ਅਸਲ ਸਾਰਥਕਤਾ ਉਦੋਂ ਹੀ ਹੈ ਜਦੋਂ ਇਨਸਾਨ ਹਉਮੈ ਅਤੇ ਵਿਕਾਰਾਂ ਦਾ ਤਿਆਗ ਕਰਕੇ ਸੱਚ, ਪ੍ਰੇਮ, ਨਿਮਰਤਾ ਅਤੇ ਸੇਵਾ ਦੇ ਮਾਰਗ ’ਤੇ ਅੱਗੇ ਵਧਦਾ ਹੈ।
ਸੰਤ ਬਾਬਾ ਗੁਰਦਿਆਲ ਸਿੰਘ ਨੇ ਕਿਹਾ ਕਿ ਜਦੋਂ ਮਨੁੱਖ ਦੇ ਮਨ ਵਿੱਚ ਗੁਰੂ ਪ੍ਰਤੀ ਸੱਚੀ ਸ਼ਰਧਾ, ਪ੍ਰੇਮ ਅਤੇ ਵਿਸ਼ਵਾਸ ਪੈਦਾ ਹੁੰਦਾ ਹੈ ਤਾਂ ਉਸ ਦੇ ਅੰਦਰ ਭਗਤੀ ਭਾਵ ਜਾਗਦਾ ਹੈ। ਇਹੀ ਭਗਤੀ ਭਾਵ ਮਨੁੱਖ ਨੂੰ ਪ੍ਰਭੂ ਨਾਲ ਜੋੜਦਾ ਹੈ ਅਤੇ ਭਗਤੀ ਰਸ ਵਿੱਚ ਲੀਨ ਹੋ ਕੇ ਹੀ ਮਨੁੱਖ ਗੁਰਸਿੱਖੀ ਅਤੇ ਗੁਰਸ਼ਬਦ ਦੀ ਡੂੰਘੀ ਅਨੁਭੂਤੀ ਪ੍ਰਾਪਤ ਕਰ ਸਕਦਾ ਹੈ। ਨਾਮ ਸਿਮਰਨ, ਸੇਵਾ, ਨਿਮਰਤਾ ਅਤੇ ਸੱਚੇ ਆਚਰਨ ਰਾਹੀਂ ਹੀ ਮਨੁੱਖ ਆਪਣੇ ਜੀਵਨ ਨੂੰ ਸਫ਼ਲ ਅਤੇ ਸੁਖਮਈ ਬਣਾ ਸਕਦਾ ਹੈ। ਇਸ ਮੌਕੇ ਹੋਰ ਸੰਤ-ਮਹਾਪੁਰਸ਼ਾਂ ਨੇ ਵੀ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ, ਨਾਮ ਸਿਮਰਨ ਕਰਨ ਅਤੇ ਗੁਰੂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ 23 ਦਿਨਾਂ ਤੱਕ ਨਿਰੰਤਰ ਚੱਲਣ ਵਾਲੇ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੌਰਾਨ ਤੀਜੀ ਲੜੀ ਦੇ ਭੋਗ ਪਾਏ ਗਏ। ਇਸ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ।