ਮੁਕੇਰੀਆਂ ’ਚ ਤਿੰਨ ਰੋਜ਼ਾ ‘ਗੁਰੂ ਮਾਨਿਓ ਗ੍ਰੰਥ’ ਚੇਤਨਾ ਸਮਾਗਮ ਮੁਕੇਰੀਆਂ ਵਿਖੇ ਤਿੰਨ ਰੋਜ਼ਾ ‘ਗੁਰੂ ਮਾਨਿਓ ਗ੍ਰੰਥ’ ਚੇਤਨਾ ਸਮਾਗਮ
Publish Date: Fri, 25 Sep 2026 05:35 PM (IST)
Updated Date: Fri, 25 Sep 2026 05:36 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਮੁਕੇਰੀਆਂ ਵਿਖੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮੁਕੇਰੀਆਂ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ‘ਗੁਰੂ ਮਾਨਿਓ ਗ੍ਰੰਥ’ ਚੇਤਨਾ ਸਮਾਗਮ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਆਰੰਭ ਹੋਇਆ। ਇਸ ਮੌਕੇ ਗੁਰਮਤਿ ਪ੍ਰਚਾਰ ਸੇਵਾ ਸੁਸਇਟੀ ਮੁਕੇਰੀਆਂ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਪਿੰਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰੀ ਰਹੀ ਹੈ। ਸਮਾਗਮ ਦੌਰਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਦਿਆਂ ਸੰਗਤਾਂ ਨੂੰ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਮਨੁੱਖ ਨੂੰ ਆਪਣੇ ਜੀਵਨ ਵਿੱਚ ਨਾਮ ਸਿਮਰਨ, ਸੇਵਾ, ਸੱਚਾਈ ਅਤੇ ਨਿਮਰਤਾ ਨੂੰ ਮਹੱਤਵ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਨੂੰ ਕੇਵਲ ਸੁਣਨ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਮਲ ਵਿੱਚ ਲਿਆਂਦਾ ਜਾਵੇ। ਇਸ ਮੌਕੇ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ ਖਾਸ ਤੌਰ ’ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਗੁਰਬਾਣੀ ਨਾਲ ਜੁੜਨ, ਚੰਗੀ ਸੰਗਤ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਅਤੇ ਗੁਰੂ ਵਾਲੇ ਬਣਨ ਦਾ ਸੰਦੇਸ਼ ਦਿੱਤਾ। ਇਸ ਸਮੇਂ ਭੁਪਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ 26 ਸਤੰਬਰ ਸ਼ਾਮ ਨੂੰ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਐੱਸਐੱਸ ਮੈਡੀਸਿਟੀ ਹਸਪਤਾਲ ਦੇ ਐੱਮਡੀ ਡਾਕਟਰ ਹਰਜੀਤ ਸਿੰਘ ਦੀ ਅਗਵਾਈ ਵਿੱਚ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਗੁਰਜਿੰਦਰ ਸਿੰਘ ਚੱਕ, ਮਨਜੀਤ ਸਿੰਘ ਚੀਮਾ, ਭਾਈ ਮੋਹਨ ਸਿੰਘ ਟਾਂਡਾ ਰਾਮ ਸਹਾਏ, ਨਿਰਮਲ ਸਿੰਘ ਚੀਫ਼, ਗੁਰਵਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਲਵਲੀ, ਸੁਖਵਿੰਦਰ ਸਿੰਘ, ਗੁਰਟੇਕ ਸਿੰਘ ਭੰਮਰਾ, ਗੁਰਮੀਤ ਸਿੰਘ ਮਿੰਟੂ, ਬਲਦੇਵ ਸਿੰਘ ਧਾਮੀਆਂ, ਸਤਨਾਮ ਸਿੰਘ ਧਾਮੀਆਂ, ਹਰਦੀਪ ਸਿੰਘ ਭੰਮਰਾ, ਮਸਜਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।