- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕੋਤਰੀ ਸਮਾਗਮ ਦੋਰਾਨ ਸੰਤ ਗੁਰਦਿਆਲ ਸਿੰਘ ਨੇ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜਿਆ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ : ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੌਰਾਨ ਸਜਾਏ ਗਏ ਰਾਤ ਦੇ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਸੰਤਾਂ-ਮਹਾਪੁਰਸ਼ਾਂ ਵੱਲੋਂ ਸੰਗਤਾਂ ਨੂੰ ਪੂਰਨ ਰੂਪ ਵਿਚ ਗੁਰਸ਼ਬਦ ਨਾਲ ਜੋੜ ਕੇ ਬਾਣੀ ਦੇ ਨਿਤਨੇਮੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਆ। ਲਗਾਤਾਰ 23 ਦਿਨਾਂ ਤੱਕ ਲਗਾਤਾਰ ਚੱਲਣ ਵਾਲੇ ਇਸ ਅੰਮ੍ਰਿਤਮਈ ਕੁੰਭ ਵਿਚ ਡੁਬਕੀ ਲਗਾਉਣ ਲਈ ਜਿੱਥੇ ਦੇਸ਼ਾ-ਵਿਦੇਸ਼ਾਂ ਤੋਂ ਸੰਗਤਾਂ ਭਾਰੀ ਗਿਣਤੀ ਵਿਚ ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਜੀ ਟਾਂਡਾ ਵਿਖੇ ਪੁੱਜੀਆਂ ਹਨ, ਉੱਥੇ ਇਸ ਸਮਾਗਮ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਗੁਰਮਤਿ ਸਮਾਗਮ ਦੌਰਾਨ ਹਾਜ਼ਰ ਵੱਖ-ਵੱਖ ਸੰਤਾਂ ਮਹਾਪੁਰਸ਼ਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਟਾਂਡਾ ਵਿਚ ਕਰਵਾਏ ਜਾਂਦੇ ਇਸ ਵਿਸ਼ਾਲ ਗੁਰਮਤਿ ਸਮਾਗਮ ਨੂੰ ਪੰਜਾਬ ਦੀ ਧਰਤੀ ’ਤੇ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਗੁਰਮਤਿ ਸਮਾਗਮ ਦੱਸਿਆ ਅਤੇ ਸਮਾਗਮ ਦੀ ਆਰੰਭਤਾ ਤੋਂ ਲੈ ਕੇ ਸੰਪੂਰਨਤਾ ਤੱਕ ਸੰਗਤਾਂ ਦੀ ਇਕਾਗਰਤਾ ਨੂੰ ਇਸ ਸਮਾਗਮ ਦੀ ਸਫਲਤਾ ਦੱਸਿਆ। ਸੰਤ ਬਾਬਾ ਗੁਰਦਿਆਲ ਸਿੰਘ ਨੇ ਗੁਰਮਤਿ ਦੇ ਪ੍ਰਚਾਰ ਹਿੱਤ ਕਰਵਾਏ ਜਾ ਰਹੇ ਇਨ੍ਹਾਂ ਇਕੋਤਰੀ ਸਮਾਗਮਾਂ ਦੌਰਾਨ ਸੰਗਤਾਂ ਦੇ ਸਨਮੁੱਖ ਹੁੰਦੇ ਜਿੱਥੇ ਇਨ੍ਹਾਂ ਸਮਾਗਮਾਂ ਦੌਰਾਨ ਗੁਰਬਾਣੀ ਕੀਰਤਨ ਦਾ ਲਾਹਾ ਖੱਟਣ ਦਾ ਸੱਦਾ ਦਿੱਤਾ, ਉੱਥੇ ਕਿਹਾ ਕਿ ਸਮੁੱਚੇ ਜਗਤ ਨੂੰ ਤਾਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਮੁਤਾਬਿਕ ਆਪੋ-ਆਪਣੇ ਜੀਵਨ ਨੂੰ ਢਾਲਣਾ ਅਤੇ ਸਿੱਖੀ ਸਿਧਾਂਤਾਂ ਦੇ ਧਾਰਨੀ ਬਣ ਕੇ ਉਨ੍ਹਾਂ ਉੱਪਰ ਚੱਲਣਾ ਹੀ ਮਨੁੱਖੀ ਜੀਵਨ ਹੈ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਇਕੋਤਰੀ ਸਮਾਗਮ ਦੌਰਾਨ ਰਾਤ ਦੇ ਦੀਵਾਨਾਂ ਵਿੱਚ ਪਹੁੰਚੇ ਸੰਤ ਬਾਬਾ ਜਗਦੀਸ਼ ਸਿੰਘ ਪੁਲ ਪੁਖਤਾ, ਸੰਤ ਬਾਬਾ ਸੁਖਰਾਜ ਸਿੰਘ ਪ੍ਰੀਤਮਪੁਰ, ਸੰਤ ਬਾਬਾ ਅਮਰੀਕ ਸਿੰਘ ਪੜੈਣ, ਭਾਈ ਹਰਮੇਲ ਪ੍ਰਕਾਸ਼ ਸਿੰਘ, ਭਾਈ ਚਰਨਪ੍ਰੀਤ ਸਿੰਘ ਤੋਂ ਇਲਾਵਾਂ ਹੋਰ ਕਈ ਮਹਾਪੁਰਸ਼ਾਂ ਨੂੰ ਸਿਰੋਪਾਓ ਭੇਟ ਕਰਦੇ ਹੋਏ ਸਨਮਾਨਿਤ ਕੀਤਾ।