- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ 13 ਤੋਂ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਤਹਿਤ 13 ਸਤੰਬਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ ਅਤੇ ਪਹਿਲਾ ਸ਼ੋਅ ਖਾਲਸਾ ਕਾਲਜ ਮਾਹਿਲਪੁਰ ਦੀ ਗਰਾਊਂਡ ਵਿਖੇ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇੱਥੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਰੋਨ ਸ਼ੋਅ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਢੁੱਕਵੇਂ ਇੰਤਜਾਮ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸ਼ਾਮ ਸਮੇਂ ਸ਼ੁਰੂ ਹੋਣ ਵਾਲੇ ਇਹ ਡਰੋਨ ਸ਼ੋਅ ਆਪਣੀ ਕਿਸਮ ਦਾ ਵਿਲੱਖਣ ਸ਼ੋਅ ਹੈ ਜੋ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ਦੀ ਬਾਕਮਾਲ ਪੇਸ਼ਕਾਰੀ ਕਰੇਗਾ। ਉਨ੍ਹਾਂ ਦੱਸਿਆ ਕਿ ਮਾਹਿਲਪੁਰ ਤੋਂ ਬਾਅਦ ਦਸੂਹਾ, ਟਾਂਡਾ, ਸ਼ਾਮਚੁਰਾਸੀ, ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਵਿਖੇ ਇਹ ਡਰੋਨ ਸ਼ੋਅ ਹੋਣਗੇ। ਉਨ੍ਹਾਂ ਦੱਸਿਆ ਕਿ ਡਰੋਨ ਸ਼ੋਅ ਵਾਲੀ ਥਾਂ ’ਤੇ ਸੰਗਤ ਦੇ ਬੈਠਣ ਦਾ ਢੁੱਕਵਾਂ ਇੰਤਜ਼ਾਮ ਰਹੇਗਾ ਜਿੱਥੇ ਸ਼ੋਅ ਦੀ ਸ਼ੁਰੂਆਤ ਰਾਗੀ ਜੱਥੇ ਵੱਲੋਂ ਕੀਰਤਨ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਾਮ 6:30 ਵਜੇ ਤੋਂ ਸਮਾਗਮ ਸ਼ੁਰੂ ਹੋਵੇਗਾ ਜਿਸ ਵਿਚ ਗੁਰਬਾਣੀ, ਕੀਰਤਨ ਤੋਂ ਬਾਅਦ 8:00 ਵਜੇ ਡਰੋਨ ਸ਼ੋਅ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਡਰੋਨ ਸ਼ੋਅ ਦੌਰਾਨ ਇੱਕੋ ਸਮੇਂ 500 ਡਰੋਨ ਹਵਾ ਵਿਚ ਉੱਡਦੇ ਹੋਏ ਗੁਰੂ ਜੀ ਦੇ ਫਲਸਫੇ ਬਾਰੇ ਡਿਜੀਟਲ ਢੰਗ ਨਾਲ ਪੇਸ਼ਕਾਰੀ ਕਰਨਗੇ। ਪੰਜਾਬ ਸਰਕਾਰ ਵੱਲੋਂ ਅਜਿਹੇ 92 ਡਰੋਨ ਸ਼ੋਅ ਰਾਜ ਭਰ ਵਿਚ ਕਰਵਾਏ ਜਾਣਗੇ, ਜਿਸ ਤਹਿਤ ਮਾਹਿਲਪੁਰ ਵਿਖੇ 13 ਸਤੰਬਰ ਨੂੰ, ਦਸੂਹਾ ਵਿਖੇ 14 ਸਤੰਬਰ ਨੂੰ, ਟਾਂਡਾ ਵਿਖੇ 15 ਸਤੰਬਰ ਨੂੰ, ਸ਼ਾਮਚੁਰਾਸੀ ਹਲਕੇ ਅੰਦਰ ਦੁਸਹਿਰਾ ਗਰਾਊਂਡ ਹਰਿਆਣਾ ਵਿਖੇ 16 ਸਤੰਬਰ ਨੂੰ, ਹੁਸ਼ਿਆਰਪੁਰ ਦੇ ਲਾਜਵੰਤੀ ਸਟੇਡੀਅਮ ਵਿਖੇ 17 ਸਤੰਬਰ ਅਤੇ ਗੜ੍ਹਸ਼ੰਕਰ ਦੇ ਫੁੱਟਬਾਲ ਗਰਾਉਂਡ ਵਿਖੇ 18 ਸਤੰਬਰ ਨੂੰ ਇਹ ਸ਼ੋਅ ਹੋਣ ਜਾ ਰਹੇ ਹਨ।