- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕੋਤਰੀ ਸਮਾਗਮ ਦੌਰਾਨ ਟਾਂਡਾ ਅੰਮ੍ਰਿਤਮਈ ਰੰਗ ਵਿਚ ਰੰਗਿਆ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ : ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਵਿਖੇ ਪਿਛਲੇ ਦਿਨਾਂ ਤੋਂ ਲਗਾਤਾਰ ਚੱਲ ਰਹੇ ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੌਰਾਨ ਜਿੱਥੇ ਸੰਤਾਂ-ਮਹਾਪੁਰਸ਼ਾਂ ਵੱਲੋਂ ਕਥਾ ਕੀਰਤਨ ਰਾਹੀਂ ਕੀਤੀ ਜਾ ਰਹੀ ਅੰਮ੍ਰਿਤਮਈ ਵਰਖਾ ਦਾ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਲਾਹਾ ਖੱਟ ਰਹੀਆਂ ਹਨ ਉੱਥੇ ਸੰਤ ਬਾਬਾ ਗੁਰਦਿਆਲ ਸਿੰਘ ਅਤੇ ਹੋਰ ਮਹਾਪੁਰਸ਼ਾਂ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਗੁਰੂ ਦੀ ਸਿੱਖਿਆ ਲੈ ਕੇ ਸਿਮਰਨ ਦੀ ਬੇੜੀ ਵਿੱਚ ਸਵਾਰ ਹੋ ਕੇ ਗੁਰਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ। ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਜੀ ਵੱਲੋਂ ਟਾਂਡਾ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਚਲਾਈ ਗਈ 101 ਸ੍ਰੀ ਅਖੰਡ ਪਾਠ ਸਾਹਿਬ ਦੀ ਇਕੋਤਰੀ ਲੜੀ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਸੰਤ ਬਾਬਾ ਗੁਰਦਿਆਲ ਸਿੰਘ ਜੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਜਿੱਥੇ 6ਵੀਂ ਲੜੀ ਦੇ ਭੋਗ ਪਾਏ ਗਏ ਉੱਥੇ ਇਸ ਮੌਕੇ ਸਜਾਏ ਗਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਭਾਈ ਜਸਵੰਤ ਸਿੰਘ ਪਰਵਾਨਾ ਨੇ ਸੰਗਤਾਂ ਦੇ ਸਨਮੁਖ ਹੁੰਦਿਆਂ ਜਿੱਥੇ ਗੁਰਸ਼ਬਦ ਵਿਚਾਰ ਨਾਲ ਸਾਂਝ ਪਾਈ ਉੱਥੇ ਉਨ੍ਹਾਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੰਤ ਬਾਬਾ ਪਰਮਜੀਤ ਸਿੰਘ ਜੀ ਢਿੱਡਾ ਸਾਹਿਬ ਵਾਲਿਆਂ ਅਤੇ ਸੰਤ ਬਾਬਾ ਜੋਗਾ ਸਿੰਘ ਨੇ ਇਸ ਸਮਾਗਮ ਮੌਕੇ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਗਏ ਉਪਦੇਸ਼ਾਂ ਨਾਲ ਜੋੜਿਆ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਇਕੋਤਰੀ ਗੁਰਮਤਿ ਸਮਾਗਮ ਦੇ ਰਾਤਰੀ ਦੇ ਦੀਵਾਨ ਦੌਰਾਨ ਪੁੱਜੇ ਸੰਤਾਂ ਮਹਾਪੁਰਖਾਂ ਤੋਂ ਇਲਾਵਾ ਬਾਬਾ ਹਰਜਿੰਦਰ ਸਿੰਘ ਬਰਾੜ, ਭਾਈ ਹਰਮੇਲ ਪ੍ਰਕਾਸ਼ ਸਿੰਘ, ਭਾਈ ਹੀਰਾ ਸਿੰਘ ਤੋਂ ਇਲਾਵਾ ਹੋਰ ਕਈ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਸਿਰੋਪਾਓ ਭੇਟ ਕਰ ਸਨਮਾਨਿਤ ਕੀਤਾ। ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਸੰਪੂਰਨਤਾ ਭੋਗ 26 ਅਕਤੂਬਰ ਨੂੰ ਪਾਏ ਜਾਣਗੇ, ਜਦਕਿ ਇਕੋਤਰੀ ਦੇ ਮੁੱਖ ਆਕਰਸ਼ਣ ਵਜੋਂ ਜਾਣੇ ਜਾਂਦੇ ਵਿਸ਼ਾਲ ਅਤੇ ਅਲੌਕਿਕ ਨਗਰ ਕੀਰਤਨ 25 ਅਕਤੂਬਰ ਨੂੰ ਸਜਾਏ ਜਾਣਗੇ।