- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਵਿਦਾਸ ਜੀ ਦੀ ਸੋਚ 'ਤੇ ਅਧਾਰਿਤ 'ਬੇਗਮਪੁਰਾ' ਰਾਜ ਕਾਇਮ ਕੀਤਾ ਜਾਵੇਗਾ - ਕਰੀਮਪੁਰੀ

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ
ਬੀਣੇਵਾਲ ਬੀਤ : ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਥੀਆਂ ਸਮੇਤ ਸ਼ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਅੰਮਿ੍ਤਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਆਖਿਆ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਪ ਸਰਕਾਰ ਦੋਵੇਂ ਆਦਿ ਧਰਮੀ ਸਮਾਜ ਦੀਆਂ ਵੋਟਾਂ ਬਟੋਰਨ ਲਈ ਆਏ ਦਿਨ ਨਵੇਂ ਹੱਥਕੰਡੇ ਅਪਣਾਅ ਰਹੀਆਂ ਹਨ। ਉਨ੍ਹਾਂ ਆਖਿਆ ਕਿ ਆਪ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ’ਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਵੀ ਇਕ ਲੋਕਾਂ ਨੂੰ ਝਾਂਸੇ ’ਚ ਲੈਣ ਦਾ ਅਡੰਬਰ ਰਚਿਆ ਹੈ, ਜਦਕਿ ਆਪ ਵਾਲੇ ਦੱਸਣ ਉਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ’ਤੇ ਸੰਗਤ ਦੀ ਸਹੂਲਤ ਲਈ ਕੀਤਾ ਕੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੀ ਦਲਿਤ ਵੋਟ ਬੈਂਕ ’ਤੇ ਡੂੰਘੀ ਸੱਟ ਮਾਰਨ ਦੇ ਰੌਅ ’ਚ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿਚ 2027 ਦੌਰਾਨ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹਰ ਤਰ੍ਹਾਂ ਦੀ ਗੁਲਾਮੀ ਅਤੇ ਨਾ-ਬਰਾਬਰੀ ਦਾ ਖਾਤਮਾ ਕਰ ਕੇ ਬਸਪਾ ਦੀ ਸਰਕਾਰ ਬਣਾ ਕੇ ਮਨਾਇਆ ਜਾਵੇਗਾ। ਬਸਪਾ ਸੂਬਾ ਪ੍ਰਧਾਨ ਨੇ ਦੁਹਰਾਇਆ ਕਿ ਬਹੁਜਨ ਸਮਾਜ ਪਾਰਟੀ ਗੁਰੂ ਸਾਹਿਬ ਦੇ ਸਨਮਾਨ ਦੀ ਲੜਾਈ ਲਗਾਤਾਰ ਲੜਦੀ ਰਹੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ। ਪਾਰਟੀ ਗੁਰੂ ਸਾਹਿਬ ਦੀ ਸੋਚ ’ਤੇ ਆਧਾਰਿਤ ‘ਬੇਗਮਪੁਰਾ’ ਸਮਾਜ ਦੀ ਸਥਾਪਨਾ ਲਈ ਸੰਗਤਾਂ ਨੂੰ ਇੱਕਜੁੱਟ ਕਰੇਗੀ ਅਤੇ ਪਿੰਡ-ਪਿੰਡ ਸਮਾਗਮ ਉਲੀਕ ਕੇ ਜਾਗਰੂਕਤਾ ਮੁਹਿੰਮ ਨੂੰ ਹੋਰ ਪ੍ਰਚੰਡ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਬਿੱਟਾ ਲੁਧਿਆਣਾ ਜਨਰਲ ਸਕੱਤਰ, ਸੰਤ ਦਿਆਲ ਚੰਦ ਬੰਗਾ, ਗੁਰਬਖਸ਼ ਸਿੰਘ ਮਹੇ, ਟਿੰਕੂ ਅਡੌਨ ਅਤੇ ਕੁਝ ਹੋਰ ਆਗੂ ਵੀ ਹਾਜ਼ਰ ਸਨ।