ਵਿਦਿਆਰਥੀਆਂ ਦਾ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ
Publish Date: Wed, 18 Nov 2026 04:12 PM (IST)
Updated Date: Wed, 18 Nov 2026 04:13 PM (IST)
ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ ਗੜ੍ਹਸ਼ੰਕਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਇਲਾਕੇ ਦੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਏ ਗਏ ਪੰਜਾਬ ਯੂਨੀਵਰਸਿਟੀ ਦੇ 67ਵੇਂ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ ਵਿਚ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੇ ਦਿਸ਼ਾ ਨਿਰਦੇਸ਼ ਅਧੀਨ ਕੰਟੀਜੈਂਟ ਇੰਚਾਰਜ ਪ੍ਰੋ. ਲਖਵਿੰਦਰਜੀਤ ਕੌਰ ਅਤੇ ਕੋਆਰਡੀਨੇਟਰ ਡਾ. ਮਨਬੀਰ ਕੌਰ ਦੀ ਅਗਵਾਈ ਹੇਠ ਹਿੱਸਾ ਲੈ ਕੇ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਪਿ੍ਰੰਸੀਪਲ ਹੀਰਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਵਿਅਕਤੀਗਤ ਅਤੇ ਸਮੂਹਿਕ ਮੁਕਾਬਲਿਆਂ ਵਿਚ ਕੁੱਲ 31 ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਪ੍ਰਾਪਤੀਆਂ ਵਿਚ ਵਿਦਿਆਰਥੀਆਂ ਨੇ ਪਹਿਲੇ ਸਥਾਨ ਦੇ 9, ਦੂਜੇ ਸਥਾਨ ਦੇ 9 ਅਤੇ ਤੀਜੇ ਸਥਾਨ ਦੇ 13 ਇਨਾਮ ਪ੍ਰਾਪਤ ਕੀਤੇ। ਯੁਵਕ ਮੇਲੇ ਦੌਰਾਨ ਹੁਸ਼ਿਆਰਪੁਰ ਜ਼ੋਨ ਦੇ 26 ਕਾਲਜਾਂ ਵਿਚੋਂ ਕਾਲਜ ਨੇ ਓਵਰਆਲ ਚੌਥਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਵਲੋਂ ਸਿਰਜਣਾਤਮਕ ਲੇਖਣੀ, ਹੱਥ ਲਿਖਤ, ਰਵਾਇਤੀ ਗੀਤ, ਲੋਕ-ਸਾਜ਼, ਕਵੀਸ਼ਰੀ, ਖਿੱਦੋ ਬਣਾਉਣਾ, ਡੀਬੇਟ ਅਤੇ ਮਾਈਮ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਹੱਥ ਲਿਖਤ, ਲੋਕ ਗੀਤ, ਕਾਰਟੂਨਿੰਗ, ਭੰਡ, ਕਲੀ ਗਾਇਨ, ਗਿੱਧਾ, ਹਿਸਟ੍ਰੋਨਿਕਸ ਅਤੇ ਗਰੁੱਪ ਸ਼ਬਦ ਮੁਕਾਬਲਿਆਂ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ। ਗਜ਼ਲ ਗਾਇਨ, ਕਲਾਸੀਕਲ ਵੋਕਲ, ਗਰੁੱਪ ਸ਼ਬਦ, ਸਮੂਹਿਕ ਗੀਤ, ਸਿਰਜਣਾਤਮਕ ਲੇਖਣੀ, ਸਾਜ਼ ਸੰਗੀਤ, ਮੁਹਾਵਰੇਦਾਰ ਵਾਰਤਾਲਾਪ, ਮੌਕੇ ਦੀ ਚਿੱਤਰਕਾਰੀ, ਈਲੋਕਿਉਸ਼ਨ, ਕਵੀਸ਼ਰੀ, ਕਲੀ ਗਾਇਨ ਅਤੇ ਵਾਰ ਗਾਇਨ ਮੁਕਾਬਲਿਆਂ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਅੰਤਰ-ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਵਿਚ ਕਾਲਜ ਦੇ ਵਿਦਿਆਰਥੀਆਂ ਵਲੋਂ ਲੋਕ ਸਾਜ਼, ਕਵੀਸ਼ਰੀ ਵਿਚੋਂ ਵਿਅਕਤੀਗਤ ਤੌਰ ’ਤੇ ਮਨਪ੍ਰੀਤ ਸਿੰਘ ਅਤੇ ਰਵਾਇਤੀ ਗੀਤ ਵਿਚੋਂ ਵਿਅਕਤੀਗਤ ਤੌਰ ’ਤੇ ਸਿਮਰਨ ਕੌਰ ਨੇ ਦੂਜਾ ਸਥਾਨ, ਕਲੀ ਗਾਇਨ ਵਿਚੋਂ ਵਿਅਕਤੀਗਤ ਤੌਰ ’ਤੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਕੰਟੀਜੈਂਟ ਇੰਚਾਰਜ ਪ੍ਰੋ. ਲਖਵਿੰਦਰਜੀਤ ਕੌਰ, ਕੋਆਰਡੀਨੇਟਰ ਡਾ. ਮਨਬੀਰ ਕੌਰ, ਸਮੂਹ ਸਟਾਫ਼ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਵਿਚ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।