ਦਸੂਹਾ ਨੇੜੇ PNB ਬੈਂਕ 'ਚ ਸੰਨ੍ਹਮਾਰੀ: ਖਿੜਕੀ ਦੀ ਗਰਿੱਲ ਕੱਟ ਕੇ ਅੰਦਰ ਵੜਿਆ ਚੋਰ, ਕੈਸ਼ ਨਾ ਮਿਲਣ 'ਤੇ ਟੈਬਲੇਟ ਲੈ ਕੇ ਹੋਇਆ ਫ਼ਰਾਰ
ਹੁਸ਼ਿਆਰਪੁਰ ਦੇ ਹਲਕਾ ਦਸੂਹਾ ਨੇੜਲੇ ਕਸਬਾ ਉੱਚੀ ਬੱਸੀ ਵਿੱਚ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ (PNB) ਨੂੰ ਨਿਸ਼ਾਨਾ ਬਣਾਇਆ। ਬੈਂਕ ਦੀ ਖਿੜਕੀ ਦੀ ਗਰਿੱਲ ਤੋੜ ਕੇ ਅੰਦਰ ਦਾਖ਼ਲ ਹੋਏ ਇੱਕ ਚੋਰ ਵੱਲੋਂ ਪੂਰੇ ਬੈਂਕ ਦੀ ਫਰੋਲਾ-ਫਰਾਲੀ ਕੀਤੀ ਗਈ। ਖ਼ੁਸ਼ਕਿਸਮਤੀ ਰਹੀ ਕਿ ਚੋਰ ਬੈਂਕ ਦੇ ਸੇਵਿੰਗ ਲਾਕਰ ਤੱਕ ਨਹੀਂ ਪਹੁੰਚ ਸਕਿਆ।
Publish Date: Tue, 02 Jun 2026 10:47 AM (IST)
Updated Date: Tue, 02 Jun 2026 10:53 AM (IST)
ਜਾਗਰਣ, ਦਸੂਹਾ। ਹੁਸ਼ਿਆਰਪੁਰ ਦੇ ਹਲਕਾ ਦਸੂਹਾ ਨੇੜਲੇ ਕਸਬਾ ਉੱਚੀ ਬੱਸੀ ਵਿੱਚ ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ (PNB) ਨੂੰ ਨਿਸ਼ਾਨਾ ਬਣਾਇਆ। ਬੈਂਕ ਦੀ ਖਿੜਕੀ ਦੀ ਗਰਿੱਲ ਤੋੜ ਕੇ ਅੰਦਰ ਦਾਖ਼ਲ ਹੋਏ ਇੱਕ ਚੋਰ ਵੱਲੋਂ ਪੂਰੇ ਬੈਂਕ ਦੀ ਫਰੋਲਾ-ਫਰਾਲੀ ਕੀਤੀ ਗਈ। ਖ਼ੁਸ਼ਕਿਸਮਤੀ ਰਹੀ ਕਿ ਚੋਰ ਬੈਂਕ ਦੇ ਸੇਵਿੰਗ ਲਾਕਰ ਤੱਕ ਨਹੀਂ ਪਹੁੰਚ ਸਕਿਆ।
ਜਾਂਦਾ ਹੋਇਆ ਉਹ ਆਪਣੇ ਨਾਲ ਇੱਕ ਟੈਬਲੇਟ ਲੈ ਗਿਆ। ਸਵੇਰੇ ਸਵਰੇ ਸੈਰ ਕਰਨ ਨਿਕਲੇ ਲੋਕਾਂ ਨੇ ਜਦੋਂ ਬੈਂਕ ਦੀ ਖਿੜਕੀ ਦੀ ਗਰਿੱਲ ਟੁੱਟੀ ਹੋਈ ਦੇਖੀ ਤਾਂ ਘਟਨਾ ਦਾ ਪਤਾ ਲੱਗਿਆ ਅਤੇ ਇਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਸਮੇਤ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਬੈਂਕ ਮੈਨੇਜਰ ਨੂੰ ਫ਼ੋਨ ਕਰਕੇ ਬੈਂਕ ਬੁਲਾਇਆ।
ਘਟਨਾ ਦੀ ਸਾਰੀ ਵੀਡੀਓ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ ਹੈ। ਬੈਂਕ ਤੋਂ ਮਿਲੀ ਫੁਟੇਜ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਇੱਕ ਚੋਰ ਸੋਮਵਾਰ ਰਾਤ 11:41 ਵਜੇ ਬੈਂਕ ਦੀ ਬਾਊਂਡਰੀ ਵਿੱਚ ਪਹੁੰਚਿਆ। ਇਸ ਤੋਂ ਬਾਅਦ ਉਹ ਇੱਕ ਛੋਟੀ ਆਰੀ ਦੀ ਮਦਦ ਨਾਲ ਬੈਂਕ ਦੀ ਖਿੜਕੀ ਦੀ ਗਰਿੱਲ ਨੂੰ ਕੱਟਣਾ ਸ਼ੁਰੂ ਕਰ ਦਿੰਦਾ ਹੈ। ਠੀਕ 15 ਮਿੰਟਾਂ ਬਾਅਦ ਉਹ ਬੈਂਕ ਦੇ ਅੰਦਰ ਵੜ ਗਿਆ।
ਉਸ ਨੇ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਪੂਰੇ ਬੈਂਕ ਨੂੰ ਫਰੋਲਿਆ ਅਤੇ ਜਾਂਦੇ ਸਮੇਂ ਇੱਕ ਟੈਬਲੇਟ ਲੈ ਕੇ ਚਲਿਆ ਗਿਆ। ਬੈਂਕ ਮੈਨੇਜਰ ਮੁਤਾਬਕ ਹਾਲੇ ਤੱਕ ਸਿਰਫ਼ ਇੱਕ ਟੈਬਲੇਟ ਗੁੰਮ ਹੋਣ ਦੀ ਹੀ ਜਾਣਕਾਰੀ ਹੈ।
ਬੈਂਕ ਦੇ ਸੀਨੀਅਰ ਮੈਨੇਜਰ ਨਿਖਿਲ ਭਗਤ ਦਾ ਬਿਆਨ
ਬੈਂਕ ਦੇ ਸੀਨੀਅਰ ਮੈਨੇਜਰ ਨਿਖਿਲ ਭਗਤ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਅਤੇ ਪੁਲਿਸ ਨੇ ਬੈਂਕ ਦੀ ਗਰਿੱਲ ਟੁੱਟੀ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਉਹ ਬੈਂਕ ਪਹੁੰਚੇ ਅਤੇ ਸਾਰੇ ਸੀ.ਸੀ.ਟੀ.ਵੀ. ਚੈੱਕ ਕੀਤੇ, ਜਿਸ ਤੋਂ ਚੋਰ ਦੇ ਬੈਂਕ ਅੰਦਰ ਵੜਨ ਦਾ ਖ਼ੁਲਾਸਾ ਹੋਇਆ।
ਬੈਂਕ ਅਧਿਕਾਰੀ ਨੇ ਦੱਸਿਆ ਕਿ ਸਾਡੀ ਜਾਂਚ ਦੌਰਾਨ ਹਾਲੇ ਤੱਕ ਸਿਰਫ਼ ਇੱਕ ਟੈਬਲੇਟ ਹੀ ਚੋਰੀ ਹੋਇਆ ਹੈ, ਜਦਕਿ ਬੈਂਕ ਦਾ ਸੇਫ਼ ਲਾਕਰ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਜਲਦ ਹੀ ਚੋਰ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ: ਪੁਲਿਸ
ਮੌਕੇ 'ਤੇ ਬੈਂਕ ਪਹੁੰਚੇ ਜਾਂਚ ਅਧਿਕਾਰੀ ਐੱਸ.ਆਈ. ਮਨਜੋਤ ਨੇ ਦੱਸਿਆ ਕਿ ਸਾਰੀ ਜਾਂਚ ਕਰ ਲਈ ਗਈ ਹੈ। ਇਲਾਕੇ ਵਿੱਚ ਲੱਗੇ ਹੋਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਜਲਦ ਹੀ ਚੋਰ ਦੀ ਪਛਾਣ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇਗਾ।