ਮੀਂਹ ਨੇ ਖੋਲ੍ਹੀ ਟਾਂਡਾ ਦਾਣਾ ਮੰਡੀ ਦੇ ਪ੍ਰਬੰਧਾਂ ਦੀ ਪੋਲ, ਤਿੰਨ ਫੁੱਟ ਤੱਕ ਭਰਿਆ ਪਾਣੀ ਮੀਂਹ ਨੇ ਖੋਲ੍ਹੀ ਟਾਂਡਾ ਦਾਣਾ ਮੰਡੀ ਦੇ ਪ੍ਰਬੰਧਾਂ ਦੀ ਪੋਲ, ਤਿੰਨ ਫੁੱਟ ਤੱਕ ਭਰਿਆ ਪਾਣੀ
Publish Date: Sun, 11 Oct 2026 05:28 PM (IST)
Updated Date: Sun, 11 Oct 2026 05:29 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੜ : ਐਤਵਾਰ ਨੂੰ ਹੋਈ ਬਾਰਿਸ਼ ਨੇ ਟਾਂਡਾ ਦੀ ਦਾਣਾ ਮੰਡੀ ਵਿੱਚ ਸਰਕਾਰੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੰਡੀ ਵਿੱਚ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਥਾਂ-ਥਾਂ ਪਾਣੀ ਭਰ ਗਿਆ ਅਤੇ ਕਈ ਥਾਵਾਂ ’ਤੇ ਕਰੀਬ ਤਿੰਨ-ਤਿੰਨ ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ। ਇਸ ਕਾਰਨ ਜਿੱਥੇ ਮੰਡੀ ਵਿੱਚ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦੀ ਗਈ ਝੋਨੇ ਦੀ ਫ਼ਸਲ ਭਿੱਜ ਗਈ ਉੱਥੇ ਕਿਸਾਨਾਂ ਵੱਲੋਂ ਮੰਡੀ ਵਿੱਚ ਵੇਚਣ ਲਈ ਲਿਆਂਦੀ ਫਸਲ ਵੀ ਭਿੱਜ ਗਈ ਤੇ ਵੱਡਾ ਨੁਕਸਾਨ ਹੋ ਗਿਆ, ਜਦਕਿ ਮੰਡੀ ਵਿੱਚ ਪਾਣੀ ਭਰਨ ਦੀ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਪਾਣੀ ਦੀ ਲਪੇਟ ਵਿੱਚ ਆ ਗਿਆ। ਹਾਲਾਤ ਇਹ ਬਣ ਗਏ ਕਿ ਦਫ਼ਤਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਝਾੜੂ ਦੀ ਮਦਦ ਨਾਲ ਪਾਣੀ ਬਾਹਰ ਕੱਢਣ ਲਈ ਜੱਦੋ-ਜਹਿਦ ਕਰਨੀ ਪਈ। ਇਸ ਮੌਕੇ ਟਾਂਡਾ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਤਿੰਨ ਫੁੱਟ ਤੱਕ ਪਾਣੀ ਭਰ ਗਿਆ ਹੈ। ਪਹਿਲਾਂ ਬਾਰਿਸ਼ ਦਾ ਪਾਣੀ ਪੁਲੀ ਦੇ ਹੇਠੋਂ ਲੰਘ ਕੇ ਅੱਗੇ ਨਿਕਲ ਜਾਂਦਾ ਸੀ, ਪਰ ਹੁਣ ਪੁਲੀ ਤੋਂ ਅੱਗੇ ਵਾਲੇ ਖੇਤ ਕਿਸੇ ਵਿਅਕਤੀ ਵੱਲੋਂ ਖਰੀਦ ਲਏ ਗਏ ਹਨ। ਜ਼ਮੀਨ ਦੇ ਮਾਲਕ ਵੱਲੋਂ ਮਿੱਟੀ ਪਾ ਦਿੱਤੇ ਜਾਣ ਕਾਰਨ ਪਾਣੀ ਦੀ ਨਿਕਾਸੀ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਇਸ ਦੇ ਨਾਲ ਹੀ ਮੰਡੀ ਦਾ ਸੀਵਰੇਜ ਵੀ ਬੰਦ ਪਿਆ ਹੈ। ਇਸ ਦਾ ਖ਼ਮਿਆਜ਼ਾ ਮੰਡੀ ਵਿੱਚ ਕੰਮ ਕਰਨ ਵਾਲੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਮੰਡੀ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਝੋਨੇ ਦੀ ਖ਼ਰੀਦ ਤੋਂ 72 ਘੰਟਿਆਂ ਦੇ ਅੰਦਰ-ਅੰਦਰ ਉਸ ਦੀ ਲਿਫਟਿੰਗ ਕਰਵਾ ਕੇ ਸ਼ੈਲਰਾਂ ਤੱਕ ਪਹੁੰਚਾਇਆ ਜਾਵੇਗਾ, ਪਰ ਮੰਡੀ ਦੀ ਅਸਲ ਸਥਿਤੀ ਇਨ੍ਹਾਂ ਦਾਅਵਿਆਂ ਦੇ ਉਲਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਖ਼ਰੀਦੇ ਗਏ ਮਾਲ ਦੀ ਰਾਖੀ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਵੀ ਆੜ੍ਹਤੀਆਂ ’ਤੇ ਪਾ ਦਿੱਤੀ ਜਾਂਦੀ ਹੈ, ਪਰ ਮੰਡੀ ਵਿੱਚ ਝੋਨੇ ਨੂੰ ਬਾਰਿਸ਼ ਤੋਂ ਬਚਾਉਣ ਲਈ ਲੋੜੀਂਦੇ ਕਰੇਟ ਅਤੇ ਤਰਪਾਲਾਂ ਕਿਸੇ ਵੀ ਖਰੀਦ ਏਜੰਸੀ ਵੱਲੋਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਜਦੋਂ ਇਸ ਸਬੰਧੀ ਜਦੋਂ ਪਨਗ੍ਰੇਨ ਦੇ ਇੰਸਪੈਕਟਰ ਨਵਨੀਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਝੋਨੇ ਨੂੰ ਗਿੱਲਾ ਨਹੀਂ ਹੋਣ ਦਿੱਤਾ ਜਾਵੇਗਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦਿਆ ਗਿਆ ਝੋਨਾ ਬਾਰਿਸ਼ ਕਾਰਨ ਭਿੱਜ ਜਾਂਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ, ਤਾਂ ਉਨ੍ਹਾਂ ਨੇ ਸ਼ੁਰੂ ਵਿੱਚ ਸਪੱਸ਼ਟ ਜਵਾਬ ਦੇਣ ਦੀ ਬਜਾਏ ਗੋਲਮੋਲ ਗੱਲਾਂ ਕੀਤੀਆਂ। ਵਾਰ-ਵਾਰ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਹੋਵੇਗੀ। ਪਾਣੀ ਦੀ ਨਿਕਾਸੀ ਬਾਰੇ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਖੋਲ੍ਹ ਦਿੱਤਾ ਗਿਆ ਸੀ, ਪਰ ਜ਼ਿਆਦਾ ਬਾਰਿਸ਼ ਹੋਣ ਕਾਰਨ ਪਾਣੀ ਇਕੱਠਾ ਹੋ ਗਿਆ। ਜਦੋਂ ਉਨ੍ਹਾਂ ਤੋਂ ਪੁਲੀ ਰਾਹੀਂ ਪਾਣੀ ਦੀ ਨਿਕਾਸੀ ਦਾ ਰਸਤਾ ਬੰਦ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਬਾਰੇ ਪਤਾ ਲੱਗਾ ਹੈ ਅਤੇ ਇਸ ਸਬੰਧੀ ਆਪਣੇ ਸੀਨੀਅਰ ਅਧਿਕਾਰੀ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾ ਦਿੱਤਾ ਗਿਆ ਹੈ।