ਬੇਮੌਸਮੇ ਮੀਂਹ ਨੇ ਕਿਸਾਨਾਂ ਤੇ ਆੜ੍ਹਤੀਆਂ ਦੀ ਵਧਾਈ ਚਿੰਤਾ, ਮੁਕੇਰੀਆਂ ਦੀਆਂ ਮੰਡੀਆਂ ਝੋਨੇ ਨਾਲ ਨੱਕੋ-ਨੱਕ ਭਰੀਆਂ ਬੇਮੌਸਮੇ ਮੀਂਹ ਨੇ ਕਿਸਾਨਾਂ ਤੇ ਆੜ੍ਹਤੀਆਂ ਦੀ ਵਧਾਈ ਚਿੰਤਾ
Publish Date: Sun, 11 Oct 2026 05:17 PM (IST)
Updated Date: Sun, 11 Oct 2026 05:17 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਹਲਕਾ ਮੁਕੇਰੀਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਐਤਵਾਰ ਸਵੇਰੇ ਤੋਂ ਸ਼ੁਰੂ ਹੋਏ ਬੇਮੌਸਮੇ ਮੀਂਹ ਅਤੇ ਤੇਜ਼ ਹਵਾਵਾਂ ਨੇ ਝੋਨੇ ਦੀ ਵਾਢੀ ਅਤੇ ਖ਼ਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇੱਕ ਪਾਸੇ ਖੇਤਾਂ ਵਿੱਚ ਪੱਕੀ ਖੜ੍ਹੀ ਫ਼ਸਲ ਨੂੰ ਨੁਕਸਾਨ ਪੁੱਜਣ ਦਾ ਖ਼ਦਸ਼ਾ ਬਣਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਮੰਡੀਆਂ ਵਿੱਚ ਪਹਿਲਾਂ ਹੀ ਨੱਕੋ-ਨੱਕ ਭਰੇ ਪਏ ਝੋਨੇ ਨੂੰ ਮੀਂਹ ਤੋਂ ਬਚਾਉਣਾ ਵੱਡੀ ਚੁਣੌਤੀ ਬਣ ਗਿਆ ਹੈ। ਮੰਡੀਆਂ ਵਿੱਚ ਝੋਨੇ ਦੀ ਭਰਮਾਰ, ਸੰਭਾਲ ਲਈ ਜੱਦੋ-ਜਹਿਦ : ਮੁਕੇਰੀਆਂ ਅਤੇ ਨੇੜਲੇ ਖੇਤਰਾਂ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਲਗਾਤਾਰ ਜਾਰੀ ਹੈ, ਪਰ ਫ਼ਸਲ ਦੀ ਚੁਕਾਈ ਵਿੱਚ ਦੇਰੀ ਕਾਰਨ ਮੰਡੀਆਂ ਵਿੱਚ ਥਾਂ ਦੀ ਘਾਟ ਪੈਦਾ ਹੋ ਗਈ ਹੈ। ਪਹਿਲਾਂ ਖ਼ਰੀਦਿਆ ਗਿਆ ਝੋਨਾ ਵੀ ਮੰਡੀਆਂ ਵਿੱਚ ਪਿਆ ਹੋਣ ਕਰ ਕੇ ਨਵੀਂ ਆ ਰਹੀ ਫ਼ਸਲ ਨੂੰ ਸੰਭਾਲਣਾ ਮੁਸ਼ਕਿਲ ਹੋ ਰਿਹਾ ਹੈ। ਬੇਮੌਸਮੇ ਮੀਂਹ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਝੋਨੇ ਦੀਆਂ ਢੇਰੀਆਂ ਨੂੰ ਤਰਪਾਲਾਂ ਨਾਲ ਢੱਕ ਕੇ ਭਿੱਜਣ ਤੋਂ ਬਚਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਲਿਫਟਿੰਗ ਵਿੱਚ ਦੇਰੀ, ਖ਼ਰੀਦ ਪ੍ਰਬੰਧ ਇੱਕ ਹਫ਼ਤਾ ਪਛੜਨ ਦਾ ਖ਼ਦਸ਼ਾ : ਮੰਡੀਆਂ ਵਿੱਚ ਝੋਨੇ ਦੀ ਆਮਦ ਤੇਜ਼ ਹੋਣ ਦੇ ਬਾਵਜੂਦ ਖ਼ਰੀਦ ਕੀਤੀ ਫ਼ਸਲ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਾਰਨ ਪ੍ਰਬੰਧਾਂ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ। ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ 10 ਦਿਨਾਂ ਬਾਅਦ ਵੀ ਮਿੱਲਰਾਂ ਅਤੇ ਸਰਕਾਰੀ ਪੱਧਰ ’ਤੇ ਲਿਫਟਿੰਗ ਨਾਲ ਜੁੜੀਆਂ ਕਮੀਆਂ ਕਾਰਨ ਆੜ੍ਹਤੀਆਂ ਨੂੰ ਫ਼ਸਲ ਸਟੋਰ ਕਰਨ ਲਈ ਲੋੜੀਂਦੀ ਜਗ੍ਹਾ ਨਹੀਂ ਮਿਲ ਰਹੀ। ਇਸੇ ਕਾਰਨ ਕੁਝ ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਫ਼ਿਲਹਾਲ ਮੰਡੀਆਂ ਵਿੱਚ ਨਵੀਂ ਫ਼ਸਲ ਲਿਆਉਣ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਕੰਬਾਈਨਾਂ ਰੁਕੀਆਂ, ਖੇਤਾਂ ਵਿੱਚ ਫ਼ਸਲ ਡਿੱਗੀ : ਐਤਵਾਰ ਸਵੇਰੇ ਕਾਲੀਆਂ ਘਟਾਵਾਂ, ਝੱਖੜ ਅਤੇ ਮੀਂਹ ਨੇ ਖੇਤਾਂ ਵਿੱਚ ਵਾਢੀ ਦੇ ਕੰਮ ਨੂੰ ਵੀ ਪ੍ਰਭਾਵਿਤ ਕੀਤਾ। ਜਿੱਥੇ ਮੀਂਹ ਕਾਰਨ ਕੰਬਾਈਨਾਂ ਰੁਕ ਗਈਆਂ ਹਨ, ਉੱਥੇ ਹੀ ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਖੜ੍ਹੀ ਪੱਕੀ ਫ਼ਸਲ ਦੇ ਨੁਕਸਾਨੇ ਜਾਣ ਦੀਆਂ ਸੂਚਨਾਵਾਂ ਹਨ। ਜੇ ਮੌਸਮ ਅਗਲੇ ਦਿਨਾਂ ਦੌਰਾਨ ਵੀ ਖ਼ਰਾਬ ਰਹਿੰਦਾ ਹੈ ਤਾਂ ਵਾਢੀ ਵਿੱਚ ਹੋਰ ਦੇਰੀ ਹੋ ਸਕਦੀ ਹੈ ਅਤੇ ਖੇਤਾਂ ਵਿੱਚ ਖੜ੍ਹੀ ਫ਼ਸਲ ਦੀ ਸੰਭਾਲ ਕਿਸਾਨਾਂ ਲਈ ਹੋਰ ਔਖੀ ਹੋ ਸਕਦੀ ਹੈ। ਕਿਸਾਨਾਂ ਦੀ ਮੰਗ ਹੈ ਕਿ ਮੰਡੀਆਂ ਵਿੱਚ ਪਏ ਝੋਨੇ ਦੀ ਲਿਫਟਿੰਗ ਤੁਰੰਤ ਤੇਜ਼ੀ ਨਾਲ ਸ਼ੁਰੂ ਕੀਤੀ ਜਾਵੇ, ਖ਼ਰੀਦ ਪ੍ਰਬੰਧਾਂ ਨੂੰ ਸੁਚਾਰੂ ਬਣਾਇਆ ਜਾਵੇ ਅਤੇ ਮੀਂਹ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਦੇ ਹੱਲ ਲਈ ਤੁਰੰਤ ਕਦਮ ਚੁੱਕੇ ਜਾਣ, ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਹੋਰ ਆਰਥਿਕ ਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।