ਨੂਵੋ ਕੈਫੇ ਐਂਡ ਬਾਰ ’ਚ ਸੜੀਆਂ ਤੇ ਉੱਲੀ ਲੱਗੀਆਂ ਸਬਜ਼ੀਆਂ ਬਰਾਮਦ ਨੂਵੋ ਕੈਫੇ ਐਂਡ ਬਾਰ ’ਚ ਸੜੀਆਂ ਅਤੇ ਉੱਲੀ ਲੱਗੀਆਂ ਕਈ ਕਿਲੋ ਸਬਜ਼ੀਆਂ ਬਰਾਮਦ
Publish Date: Fri, 30 Oct 2026 03:41 PM (IST)
Updated Date: Fri, 30 Oct 2026 03:43 PM (IST)
ਮੱਖਣ ਦੀ ਥਾਂ ਮਿਆਦ ਪੁੱਗਿਆ ਮਾਰਜਰੀਨ ਵਰਤਿਆ ਜਾ ਰਿਹਾ ਸੀ, ਕੈਫੇ ਦਾ ਚਲਾਨ, ਨੋਟਿਸ ਜਾਰੀ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸਥਾਨਕ ਮਾਲ ਰੋਡ ਸਥਿਤ ਡੀ-ਨੂਵੋ ਕੈਫੇ ਐਂਡ ਬਾਰ ਵਿੱਚ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਜਤਿੰਦਰ ਭਾਟੀਆ,ਫੂਡ ਸੇਫਟੀ ਅਫਸਰ ਵਿਵੇਕ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਅਤੇ ਸਫ਼ਾਈ ਸਬੰਧੀ ਬੇਹੱਦ ਗੰਭੀਰ ਖਾਮੀਆਂ ਸਾਹਮਣੇ ਆਈਆਂ । ਛਾਪੇ ਦੌਰਾਨ ਕਈ ਕਿਲੋ ਸੜੀਆਂ, ਗਲੀਆਂ ਅਤੇ ਉੱਲੀ ਲੱਗੀਆਂ ਸਬਜ਼ੀਆਂ ਸਮੇਤ ਹੋਰ ਖਾਣ-ਪੀਣ ਦੀਆਂ ਅਜਿਹੀਆਂ ਵਸਤਾਂ ਬਰਾਮਦ ਹੋਈਆਂ, ਜਿਨ੍ਹਾਂ ਦੀ ਵਰਤੋਂ ਲੋਕਾਂ ਦੀ ਸਿਹਤ ਲਈ ਖ਼ਤਰਨਾਕ ਹੋ ਸਕਦੀ ਸੀ ।ਰੇਡ ਦੋਰਾਨ ਰਾਮ ਲੁਭਾਇਆ ਤੇ ਗੁਰਵਿੰਦਰ ਸਾਨੇ ਵੀ ਹਾਜਰ ਸਨ ਇਸ ਮੌਕੇ ਜਿਲਾ ਸਿਹਤ ਅਫਸਰ ਡਾ ਭਾਟੀਆ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਗ੍ਰਾਹਕਾਂ ਨੂੰ ਮੱਖਣ ਦੇ ਨਾਂ ’ਤੇ ਟੇਬਲ ਮਾਰਜਰੀਨ ਵਰਤ ਕੇ ਦਿੱਤਾ ਜਾ ਰਿਹਾ ਸੀ । ਟੀਮ ਨੇ ਵੱਡੀ ਮਾਤਰਾ ਵਿੱਚ ਅਜਿਹਾ ਮਾਰਜਰੀਨ ਬਰਾਮਦ ਕੀਤਾ, ਜਿਸ ਦੀ ਵਰਤੋਂ ਦੀ ਮਿਆਦ ਕਾਫ਼ੀ ਸਮਾਂ ਪਹਿਲਾਂ ਹੀ ਖ਼ਤਮ ਹੋ ਚੁੱਕੀ ਸੀ। ਇਸ ਤੋਂ ਇਲਾਵਾ ਲਾਜ਼ਮੀ ਦਿਸ਼ਾ-ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਂਦਿਆਂ ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣ-ਪੀਣ ਦੀਆਂ ਵਸਤਾਂ ਨੂੰ ਇੱਕੋ ਫਰਿੱਜ ਵਿੱਚ ਇਕੱਠੇ ਰੱਖਿਆ ਗਿਆ ਸੀ, ਜਿਸ ਨਾਲ ਭੋਜਨ ਦੇ ਦੂਸ਼ਿਤ ਹੋਣ ਦਾ ਖ਼ਤਰਾ ਬਣਿਆ ਹੋਇਆ ਸੀ। ਰਸੋਈ ਦੀ ਹਾਲਤ ਵੀ ਮਾੜੀ ਕੈਫੇ ਦੇ ਰਸੋਈ ਘਰ, ਖਾਣ-ਪੀਣ ਦੀਆਂ ਵਸਤਾਂ ਸਟੋਰ ਕਰਨ ਵਾਲੀ ਥਾਂ ਅਤੇ ਖਾਣਾ ਤਿਆਰ ਕਰਨ ਵਾਲੇ ਖੇਤਰ ਦੀ ਸਫ਼ਾਈ ਦੀ ਹਾਲਤ ਵੀ ਬੇਹੱਦ ਮਾੜੀ ਪਾਈ ਗਈ। ਸਫ਼ਾਈ ਅਤੇ ਸਵੱਛਤਾ ਸਬੰਧੀ ਲਾਜ਼ਮੀ ਮਾਪਦੰਡਾਂ ਦੀ ਅਣਦੇਖੀ ਸਾਫ਼ ਨਜ਼ਰ ਆ ਰਹੀ ਸੀ। ਜਾਂਚ ਦੌਰਾਨ ਵਰਤੀਆਂ ਜਾ ਰਹੀਆਂ ਕੁਝ ਹੋਰ ਸਮੱਗਰੀਆਂ ਅਤੇ ਕੱਚੇ ਮਾਲ ਦੀ ਗੁਣਵੱਤਾ ਵੀ ਸ਼ੱਕੀ ਪਾਈ ਗਈ। ਜ਼ਿਲ੍ਹਾ ਸਿਹਤ ਵੱਲੋਂ ਸਾਰੀਆਂ ਘਟੀਆ, ਖ਼ਰਾਬ ਅਤੇ ਉੱਲੀ ਲੱਗੀਆਂ ਸਬਜ਼ੀਆਂ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤੀਆਂ ਗਈਆਂ। ਨਿਯਮਾਂ ਦੀ ਉਲੰਘਣਾ ਦੇ ਮੱਦੇਨਜ਼ਰ ਕੈਫੇ ਦਾ ਚਲਾਨ ਕੀਤਾ ਗਿਆ ਹੈ ਅਤੇ ਪ੍ਰਬੰਧਕਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਸਮੂਹ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖਾਣਾ ਤਿਆਰ ਕਰਨ ਵਾਲੇ ਸਥਾਨਾਂ, ਸੈਂਡਵਿਚ ਸਟੇਸ਼ਨਾਂ, ਰਸੋਈ ਘਰਾਂ ਅਤੇ ਸਟੋਰੇਜ ਖੇਤਰਾਂ ਦੀ ਸਫ਼ਾਈ ਯਕੀਨੀ ਬਣਾਉਣ ਦੇ ਨਾਲ-ਨਾਲ ਖਾਣੇ ਦੀ ਗੁਣਵੱਤਾ ਅਤੇ ਵਰਤੇ ਜਾਣ ਵਾਲੇ ਕੱਚੇ ਮਾਲ ਦੀ ਮਿਆਦ ਤੇ ਮਿਆਰਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਸਬੰਧਤ ਕਾਰੋਬਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।