ਮਾਨਸਾ ਘਟਨਾ ਦੇ ਰੋਸ ਵਜੋਂ ਹੁਸ਼ਿਆਰਪੁਰ ਮੁਕੰਮਲ ਬੰਦ, ਬਾਜ਼ਾਰਾਂ ’ਚ ਛਾਇਆ ਸੰਨਾਟਾ ਮਾਨਸਾ ਘਟਨਾ ਦੇ ਰੋਸ ਵਜੋਂ ਹੁਸ਼ਿਆਰਪੁਰ ਮੁਕੰਮਲ ਬੰਦ, ਬਾਜ਼ਾਰਾਂ ’ਚ ਛਾਇਆ ਸੰਨਾਟਾ
Publish Date: Thu, 15 Oct 2026 04:50 PM (IST)
Updated Date: Thu, 15 Oct 2026 04:51 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਮਾਨਸਾ ਵਿਖੇ ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ ਦੇ ਕਤਲ ਰੋਸ ਵਜੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਹੁਸ਼ਿਆਰਪੁਰ ਵਿੱਚ ਭਰਵਾਂ ਸਮਰਥਨ ਮਿਲਿਆ। ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਰਹਿਣ ਕਾਰਨ ਆਮ ਦਿਨਾਂ ਦੇ ਮੁਕਾਬਲੇ ਸੁੰਨਸਾਨ ਮਾਹੌਲ ਦੇਖਣ ਨੂੰ ਮਿਲਿਆ। ਦੁਕਾਨਦਾਰ ਭਾਈਚਾਰੇ ਨੇ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਆਪਣੇ ਕਾਰੋਬਾਰ ਬੰਦ ਰੱਖੇ, ਜਦਕਿ ਆਵਾਜਾਈ ਪੂਰੀ ਤਰ੍ਹਾਂ ਠੱਪ ਰਹਿਣ ਕਾਰਨ ਆਮ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵਿੱਦਿਅਕ ਸੰਸਥਾਵਾਂ ਵੀ ਬੰਦ ਰਹੀਆਂ। ਆਮ ਜਨਜੀਵਨ ਪ੍ਰਭਾਵਿਤ : ਬੰਦ ਦੇ ਸੱਦੇ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਆਮ ਜਨਜੀਵਨ ਪ੍ਰਭਾਵਿਤ ਰਿਹਾ। ਬਾਜ਼ਾਰਾਂ ਵਿੱਚ ਕਾਰੋਬਾਰ ਬੰਦ ਹੋਣ ਕਾਰਨ ਖ਼ਰੀਦਦਾਰੀ ਲਈ ਆਉਣ ਵਾਲੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਸੜਕਾਂ ’ਤੇ ਆਵਾਜਾਈ ਨਾ ਹੋਣ ਕਾਰਨ ਸ਼ਹਿਰ ਦੀਆਂ ਰੌਣਕਾਂ ਵੀ ਗਾਇਬ ਰਹੀਆਂ। ਬੰਦ ਨੂੰ ਮਿਲੇ ਦੁਕਾਨਦਾਰਾਂ ਦੇ ਸਮਰਥਨ ਨੇ ਇਸ ਸੱਦੇ ਦੇ ਪ੍ਰਭਾਵ ਨੂੰ ਹੋਰ ਵਧਾ ਦਿੱਤਾ। ਸ਼ਹਿਰ ਦਾ ਬੱਸ ਅੱਡਾ, ਰੇਲਵੇ ਸਟੇ਼ਸਨ ਅਤੇ ਵੱਖ-ਵੱਖ ਸ਼ਹਿਰਾਂ ਨੂੰ ਜੋੜਦੀਆਂ ਜਰਨੈਲੀ ਸੜਕਾਂ ਵੀ ਸੁੰਨਸਾਨ ਰਹੀਆਂ। ਸਰਕਾਰੀ ਸਕੂਲ ਤੇ ਐੱਸਡੀਐੱਮ ਦਫ਼ਤਰ ਖੁੱਲ੍ਹੇ ਰਹਿਣ ’ਤੇ ਤਲਖੀ : ਇਸ ਦੌਰਾਨ ਸਰਕਾਰੀ ਘੰਟਾਘਰ ਨਜ਼ਦੀਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਲਾ ਦੇਖ਼ ਸਿੱਖ ਜਥੇਬੰਦੀਆਂ ਤੈਸ ਵਿਚ ਆ ਗਈਆਂ। ਉਨ੍ਹਾਂ ਸਕੂਲ ਵਿਚ ਦਾਖ਼ਲ ਹੋ ਕੇ ਅਧਿਆਪਕਾਂ ਨਾਲ ਸਕੂਲ ਬੰਦ ਕਰਨ ਲਈ ਬਹਿਸਬਾਜ਼ੀ ਕੀਤੀ ਪਰ ਪੁਲਿਸ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਦੂਜੇ ਪਾਸੇ ਐੱਸਡੀਐੱਮ ਦਫ਼ਤਰ ਖੁੱਲ੍ਹੇ ਰਹਿਣ ਕਾਰਨ ਸਿੱਖ ਜਥੇਬੰਦੀਆਂ ਵਿੱਚ ਤਲਖੀ ਦੇਖਣ ਨੂੰ ਮਿਲੀ। ਜਥੇਬੰਦੀਆਂ ਨਾਲ ਜੁੜੇ ਲੋਕਾਂ ਨੇ ਇਸ ਗੱਲ ’ਤੇ ਨਾਰਾਜ਼ਗੀ ਜਤਾਈ ਕਿ ਜਦੋਂ ਪੰਜਾਬ ਬੰਦ ਦੇ ਸੱਦੇ ਨੂੰ ਵੱਖ-ਵੱਖ ਵਰਗਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਸੀ ਤਾਂ ਕੁਝ ਸਰਕਾਰੀ ਅਦਾਰੇ ਆਮ ਵਾਂਗ ਖੁੱਲ੍ਹੇ ਕਿਉਂ ਰਹੇ। ਉਨ੍ਹਾਂ ਉੱਥੇ ਹੀ ਧਰਨਾ ਦੇ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇੱਥੇ ਵੀ ਪੁਲਿਸ ਨੇ ਸੂਝਬੂਝ ਨਾਲ ਮਾਮਲਾ ਟਾਲਿਆ। ਸਰਕਾਰੀ ਅਦਾਰਿਆਂ ਦੇ ਖੁੱਲ੍ਹੇ ਰਹਿਣ ਅਤੇ ਬੰਦ ਦੇ ਸੱਦੇ ਵਿਚਕਾਰ ਪੈਦਾ ਹੋਏ ਇਸ ਵਖਰੇਵੇਂ ਨੇ ਸਥਾਨਕ ਪੱਧਰ ’ਤੇ ਚਰਚਾ ਛੇੜ ਦਿੱਤੀ। ਦੁਕਾਨਦਾਰਾਂ ਨੇ ਦਿੱਤਾ ਭਰਪੂਰ ਸਮਰਥਨ : ਹੁਸ਼ਿਆਰਪੁਰ ਦੇ ਦੁਕਾਨਦਾਰ ਭਾਈਚਾਰੇ ਵੱਲੋਂ ਬੰਦ ਨੂੰ ਮਿਲੇ ਸਮਰਥਨ ਨੇ ਸ਼ਹਿਰ ਦੇ ਵਪਾਰਕ ਖੇਤਰ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ। ਛੋਟੀਆਂ ਦੁਕਾਨਾਂ ਤੋਂ ਲੈ ਕੇ ਬਾਜ਼ਾਰਾਂ ਦੇ ਹੋਰ ਕਾਰੋਬਾਰ ਵੀ ਬੰਦ ਰਹੇ। ਇਸ ਦੇ ਨਾਲ ਹੀ ਵਿੱਦਿਅਕ ਸੰਸਥਾਵਾਂ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਈ। ਮਾਨਸਾ ਘਟਨਾ ਦੇ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੌਰਾਨ ਹੁਸ਼ਿਆਰਪੁਰ ਵਿੱਚ ਆਮ ਜਨਜੀਵਨ ਠੱਪ ਰਿਹਾ। ਦੁਕਾਨਦਾਰਾਂ ਦੇ ਸਮਰਥਨ, ਵਿੱਦਿਅਕ ਸੰਸਥਾਵਾਂ ਦੇ ਬੰਦ ਰਹਿਣ ਅਤੇ ਆਵਾਜਾਈ ਪ੍ਰਭਾਵਿਤ ਹੋਣ ਨੇ ਬੰਦ ਦੇ ਵਿਆਪਕ ਅਸਰ ਨੂੰ ਦਰਸਾਇਆ। ਸ਼ਹਿਰ ਵਿਚ ਰੋਸ ਮਾਰਚ : ਇਸ ਤੋਂ ਪਹਿਲਾਂ ਸਮੂਹ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਤਰ ਹੋ ਕੇ ਕਰਨੈਲ ਸਿੰਘ ਲਵਲੀ ਅਤੇ ਮਨਦੀਪ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿਚ ਰੋਸ ਮਾਰਚ ਕੱਢ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪੁਲਿਸ ਵੱਲੋਂ ਵੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਿਆਪਕ ਪ੍ਰਬੰਧ ਕੀਤੇ ਗਏ ਸਨ।