- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤ ਇਲਾਕੇ ਚ ਕਿਸਾਨਾਂ ਤੇ ਮਾਰ, ਕੱਦੂ ਦੀ ਫ਼ਸਲ ਚ ਪਿਆ ਘਾਟਾ

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ
ਬੀਣੇਵਾਲ ਬੀਤ : ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਬਦਲਵੀਆਂ ਫ਼ਸਲਾਂ ਬੀਜਣ ਲਈ ਕਿਹਾ ਜਾ ਰਿਹਾ ਹੈ, ਜਿਸ ਕਰ ਕੇ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਹੋਰ ਫ਼ਸਲਾਂ ਦੀ ਖੇਤੀ ਕਰਨ ਨੂੰ ਤਰਜੀਹ ਦਿੱਤੀ ਹੈ। ਇਲਾਕਾ ਬੀਤ ’ਚ ਭਾਵੇਂ ਕਿ ਵੱਡੀ ਗਿਣਤੀ ’ਚ ਸਿੰਜਾਈ ਵਾਲੇ ਟਿਊਬਵੈੱਲ ਸਰਕਾਰ ਵੱਲੋਂ ਲਗਾਏ ਗਏ ਹਨ ਪਰ ਜ਼ਿਆਦਾਤਰ ਇੱਥੋਂ ਦੀ ਜ਼ਮੀਨ ਇੰਦਰ ਦੇਵਤਾ ਦੇ ਸਹਾਰੇ ਹੈ। ਕਿਸਾਨ ਭਾਗ ਸਿੰਘ ਅਟਵਾਲ, ਗੁਰਦੀਪ ਸਿੰਘ, ਸੰਤੋਖ ਸਿੰਘ, ਅਜੀਤ ਸਿੰਘ, ਜਰਨੈਲ ਸਿੰਘ ਨੇ ਦੱਸਿਆ ਕਿ ਬੀਤ ਇਲਾਕੇ ਦੇ ਕਿਸਾਨਾਂ ਨੇ ਬਦਲਵੀਆਂ ਫਸਲਾਂ ਦੇ ਤਹਿਤ ਅੱਜ ਕੱਲ੍ਹ ਖੀਰਾ, ਕੱਦੂ, ਫਲਾਸਵੀਨ, ਟਮਾਟਰ ਤੇ ਹੋਰ ਫਸਲਾਂ ਬੀਜਣੀਆਂ ਸ਼ੁਰੂ ਕੀਤੀਆਂ, ਪਰ ਅੱਜ ਕੱਲ੍ਹ ਬੀਤ ਦਾ ਕਿਸਾਨ ਭਾਰੀ ਪਰੇਸ਼ਾਨੀ ਵਿੱਚੋਂ ਲੰਘ ਰਿਹਾ ਹੈ। ਅੱਜ ਕੱਲ੍ਹ ਕਿਸਾਨਾਂ ਵੱਲੋਂ ਕੱਦੂ ਦੀ ਫ਼ਸਲ ਬੀਜੀ ਗਈ ਸੀ, ਜਿਸ ਲਈ ਮਹਿੰਗੇ ਮੁੱਲ ਦੇ ਬੀਜ ਲੈ ਕੇ ਫਸਲ ਬੀਜੀ ਸੀ ਅਤੇ ਅੱਜ ਕੱਲ੍ਹ ਕੱਦੂ ਨਾਲ ਭਰ-ਭਰ ਕੇ ਗੱਡੀਆਂ ਦੂਜੇ ਸ਼ਹਿਰਾਂ ਨੂੰ ਜਾਂਦੀਆਂ ਸਨ ਪਰ ਇਸ ਵਾਰ ਕਿਸਾਨਾਂ ਦੇ ਖੇਤਾਂ ਦੇ ਖੇਤ ਕੱਦੂ ਦਾ ਫ਼ਲ ਨਾ ਲੱਗਣ ਕਰ ਕੇ ਵਿਹਲੇ ਪਏ ਹਨ। ਉਨ੍ਹਾਂ ਦੱਸਿਆ ਕਿ ਪਤਾ ਨਹੀਂ ਕੱਦੂ ਦੀ ਫਸਲ ਨੂੰ ਕਿਹੜੀ ਬਿਮਾਰੀ ਲੱਗ ਗਈ ਕਿ ਫਲ ਲੱਗਿਆ ਸੀ ਨਹੀਂ।
- ਬੀਤ ਦਾ ਕਿਸਾਨ ਦੋਹਰੀ ਮਾਰ ਤੋਂ ਪਰੇਸ਼ਾਨ
ਬੀਤ ਇਲਾਕੇ ਦੇ ਪਿੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੱਧ ਵਰਗ ਕਿਸਾਨ ਪਰਿਵਾਰ ਦੀਆਂ ਮਨਜੀਤ ਅਤੇ ਬਿਮਲ ਕੌਰ ਨੇ ਦੱਸਿਆ ਕਿ ਸਾਨੂੰ ਤਾਂ ਦੋਹਰੀ ਮਾਰ ਪੈ ਰਹੀ ਹੈ। ਦਿਨ ਵੇਲੇ ਬਾਂਦਰ ਅਤੇ ਰਾਤ ਵੇਲੇ ਜੰਗਲੀ ਜਾਨਵਰ ਉਜਾੜਾ ਕਰਦੇ ਹਨ, ਇਸ ਲਈ 24 ਘੰਟੇ ਹੀ ਫਸਲਾਂ ਦੀ ਰਾਖੀ ਕਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਬੀਤ ਇਲਾਕੇ ’ਚ ਮੰਡੀਕਰਨ ਨਾ ਹੋਣ ਕਰ ਕੇ ਕਿਸਾਨਾਂ ਨੂੰ ਆਪਣੀ ਫਸਲ ਠੇਕੇਦਾਰ ਦੀ ਮਨਮਰਜ਼ੀ ਨਾਲ ਵੇਚਣੀ ਪੈਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਬੀਤ ਇਲਾਕੇ ਦੇ ਕਿਸਾਨਾਂ ਦੀ ਹੋ ਰਹੀ ਲੁੱਟ ਤੋਂ ਬਚਾਉਣ ਲਈ ਕਿਸਾਨਾਂ ਨੂੰ ਫਸਲ ਵੇਚਣ ਲਈ ਪੱਕੇ ਤੌਰ ’ਤੇ ਬੀਤ ਇਲਾਕੇ ’ਚ ਮੰਡੀ ਬਣਾਈ ਜਾਵੇ।
- ਕੱਦੂ ਦੀ ਫਸਲ ਖ਼ਰਾਬ ਹੋਣ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ : ਭਾਜਪਾ ਆਗੂ
ਭਾਜਪਾ ਦੇ ਨੌਜਵਾਨ ਆਗੂ ਅਲੋਕ ਰਾਣਾ ਨੇ ਦੱਸਿਆ ਕਿ ਇੱਕ ਤਾਂ ਪਹਿਲਾਂ ਹੀ ਬੀਤ ਇਲਾਕੇ ਦਾ ਛੋਟਾ ਕਿਸਾਨ ਜੰਗਲੀ ਜਾਨਵਰਾਂ ਅਤੇ ਬਾਂਦਰਾ ਤੋਂ ਪਰੇਸ਼ਾਨ ਹੈ ਦੂਜਾ ਹੁਣ ਕੱਦੂ ਦੀ ਫ਼ਸਲ ਖ਼ਰਾਬ ਹੋਣ ਕਾਰਨ ਕਾਫੀ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ ਅਤੇ ਜਿਨ੍ਹਾਂ ਕਿਸਾਨਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਫ਼ਸਲ ਲਗਾਈ ਉਨ੍ਹਾਂ ਦਾ ਤਾਂ ਠੇਕਾ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਕਦੇ ਵੀ ਸੂਬਾ ਸਰਕਾਰ ਨੇ ਬੀਤ ਅਤੇ ਕੰਢੀ ਦੇ ਛੋਟੇ ਕਿਸਾਨਾਂ ਦੀ ਬਾਂਹ ਨਹੀਂ ਫੜੀ। ਉਨ੍ਹਾਂ ਨੇ ਬੀਜ ਉਤਪਾਦਨ ਵਾਲੀਆਂ ਕੰਪਨੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਕਿ ਜਿਨ੍ਹਾਂ ਵੱਲੋਂ ਮਾੜਾ ਬੀਜ ਕਿਸਾਨਾਂ ਨੂੰ ਵੇਚਿਆ ਗਿਆ।
- ਬੀਜ ਬਣਾਉਣ ਵਾਲੀਆਂ ਕੰਪਨੀਆਂ ’ਤੇ ਕਾਰਵਾਈ ਹੋਵੇ : ਭਾਗ ਸਿੰਘ ਅਟਵਾਲ
ਬੀਤ ਇਲਾਕੇ ਦੇ ਅਗਾਂਹਵਧੂ ਕਿਸਾਨ ਭਾਗ ਸਿੰਘ ਅਟਵਾਲ ਨੇ ਕਿਹਾ ਕਿ ਮਹਿੰਗੇ ਭਾਅ ਦੇ ਬੀਜ ਖ਼ਰੀਦ ਕੇ ਲਿਆਉਂਦਾ ਹੈ। ਇਸ ਲਈ ਕਿਸਾਨਾਂ ਵੱਲੋਂ ਖ਼ਰੀਦੇ ਕੱਦੂ ਦੇ ਬੀਜ ਵੇਚਣ ਵਾਲਿਆਂ ਕੰਪਨੀਆਂ ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਭਾਗ ਸਿੰਘ ਅਟਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਆਪਣੇ ਤੌਰ ’ਤੇ ਬੀਜਾਂ ਨੂੰ ਰੱਖਣ ਦੇ ਢੰਗ ਤਰੀਕੇ ਲਈ ਜਾਣਕਾਰੀ ਸਾਂਝੀ ਕਰਨ ਵਾਸਤੇ ਖੇਤੀਬਾੜੀ ਮਾਹਿਰਾਂ ਦੇ ਬੀਤ ਇਲਾਕੇ ’ਚ ਜਾਗਰੂਕਤਾ ਕੈਂਪ ਲਗਾਏ ਜਾਣ।
- ਭਾਾਜਪਾ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਦੇ ਮਸਲੇ ਹੱਲ ਹੋਣਗੇ : ਨਿਮਿਸ਼ਾ ਮਹਿਤਾ
ਗੜ੍ਹਸ਼ੰਕਰ ਤੋਂ ਭਾਜਪਾ ਦੇ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ 2027 ’ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਬੀਤ ਇਲਾਕੇ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਖਰੀਦਣ ਲਈ ਇਲਾਕੇ ’ਚ ਮੰਡੀ ਬਣਾਈ ਜਾਵੇਗੀ। ਉਨ੍ਹਾਂ ਨੇ ਮੌਜੂਦਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਤ ਇਲਾਕੇ ਦੇ ਕਿਸਾਨਾਂ ਦੇ ਹੋਏ ਨੁਕਸਾਨ ਲਈ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।