ਮੰਗਾਂ ਨੂੰ ਲੈ ਕੇ ਗੰਨਾ ਮਿੱਲ ਮੁਕੇਰੀਆਂ ਅੱਗੇ ਕਿਸਾਨਾਂ ਦਾ ਰੋਸ ਧਰਨਾ ਸ਼ੁਰੂ ਮੰਗਾਂ ਨੂੰ ਲੈ ਕੇ ਗੰਨਾ ਮਿੱਲ ਮੁਕੇਰੀਆਂ ਅੱਗੇ ਕਿਸਾਨਾਂ ਦਾ ਰੋਸ ਧਰਨਾ ਸ਼ੁਰੂ
Publish Date: Sun, 15 Nov 2026 05:00 PM (IST)
Updated Date: Mon, 16 Nov 2026 04:01 AM (IST)
ਗੰਨੇ ਦਾ ਭਾਅ 700 ਰੁਪਏ ਪ੍ਰਤੀ ਕੁਇੰਟਲ ਕਰਨ ਤੇ ਬਕਾਇਆ ਸਬਸਿਡੀ ਜਾਰੀ ਕਰਨ ਦੀ ਕੀਤੀ ਮੰਗ ; ਮੰਗਾਂ ਨਾ ਮੰਨਣ ’ਤੇ ਚੱਕਾ ਜਾਮ ਦੀ ਚਿਤਾਵਨੀ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਸੰਯੁਕਤ ਗੰਨਾ ਸੰਘਰਸ਼ ਕਮੇਟੀ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਨਾਲ ਸਬੰਧਿਤ ਗੰਨਾ ਕਾਸ਼ਤਕਾਰਾਂ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ’ਤੇ ਗੰਨਾ ਮਿੱਲ ਮੁਕੇਰੀਆਂ ਦੇ ਸਾਹਮਣੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ। ਧਰਨੇ ਦੌਰਾਨ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਸੂਬਾ ਸਰਕਾਰ ਅਤੇ ਕੇਨ ਕਮਿਸ਼ਨ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਧਰਨੇ ਵਿੱਚ ਪੱਗੜੀ ਸੰਭਾਲ ਲਹਿਰ ਦੇ ਸਤਨਾਮ ਸਿੰਘ ਬਾਗੜੀਆਂ ਅਤੇ ਗੁਰਨਾਮ ਸਿੰਘ ਜਹਾਨਪੁਰ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਗੁਰਪ੍ਰਤਾਪ ਸਿੰਘ, ਪੱਗੜੀ ਸੰਭਾਲ ਜੱਟਾ ਲਹਿਰ ਦੇ ਵਿਜੇ ਸਿੰਘ ਬਹਿਬਲ ਮੰਝ ਅਤੇ ਠਾਕੁਰ ਜਗਦੇਵ ਸਿੰਘ ਭੱਟੀਆਂ, ਲੋਕ ਇਨਸਾਫ਼ ਮੋਰਚਾ ਦੇ ਸੋਨੂੰ ਔਲਖ, ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੇ ਉਂਕਾਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦਲੀਪ ਸਿੰਘ, ਬੀਕੇਯੂ ਆਜ਼ਾਦ ਦੇ ਅਮਰਜੀਤ ਸਿੰਘ ਰੜਾ ਅਤੇ ਹਰਪ੍ਰੀਤ ਸਿੰਘ ਸੰਧੂ, ਬੀਕੇਯੂ ਸਿਰਸਾ ਤੋਂ ਹਰਦੇਵ ਸਿੰਘ ਚਿੱਟੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ 10 ਨਵੰਬਰ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦੇ ਕੇ ਸਰਕਾਰ ਨੂੰ ਚਿਤਾਵਨੀ ਪੱਤਰ ਸੌਂਪੇ ਗਏ ਸਨ, ਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਪਿੜਾਈ ਸੀਜ਼ਨ ਦੀ ਕਰੋੜਾਂ ਰੁਪਏ ਦੀ ਬਕਾਇਆ ਸਬਸਿਡੀ ਅਜੇ ਤੱਕ ਜਾਰੀ ਨਹੀਂ ਹੋਈ। ਇਸ ਤੋਂ ਇਲਾਵਾ ਹੋਰ ਕਈ ਮੰਗਾਂ ਅਜੇ ਵੀ ਲਟਕ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਗੰਨੇ ਦਾ ਭਾਅ 776 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਜਾਵੇ, ਜਦਕਿ ਆਉਣ ਵਾਲੇ ਸੀਜ਼ਨ ਲਈ ਘੱਟੋ-ਘੱਟ 700 ਰੁਪਏ ਪ੍ਰਤੀ ਕੁਇੰਟਲ ਭਾਅ ਨਿਰਧਾਰਤ ਕੀਤਾ ਜਾਵੇ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ 16 ਨਵੰਬਰ ਨੂੰ ਕੋਈ ਠੋਸ ਫ਼ੈਸਲਾ ਨਾ ਲਿਆ ਅਤੇ ਮੰਗਾਂ ਜਲਦ ਨਾ ਮੰਨੀਆਂ ਤਾਂ 17 ਨਵੰਬਰ ਨੂੰ ਧਰਨੇ ਨੂੰ ਚੱਕਾ ਜਾਮ ਵਿੱਚ ਤਬਦੀਲ ਕਰ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।