- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੱਡੀ ਦੀ ਭੰਨਤੋੜ ਮਾਮਲੇ ਵਿੱਚ ਕਾਰਵਾਈ ਨਾ ਹੋਣ ਕਾਰਨ ਚੱਕਾ ਜਾਮ

ਰਾਜਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਦਰਜ ਕੀਤਾ ਜਾਵੇ : ਧਰਨਾਕਾਰੀ
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਨਜ਼ਦੀਕੀ ਪਿੰਡ ਚੱਕਫੁੱਲੂ ਵਿਖੇ 3 ਸਤੰਬਰ ਨੂੰ ਗੱਡੀ ਦੀ ਭੰਨਤੋੜ ਕਰਨ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕਰਨ ਖਿਲਾਫ ਗੜ੍ਹਸ਼ੰਕਰ ਦੇ ਬੰਗਾ ਚੌਂਕ ਵਿੱਚ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਸ਼ਰਧਾਲੂਆਂ ਵੱਲੋਂ ਚੱਕਾ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਨੂੰ ਸੀਸੀਟੀਵੀ ਫੁਟੇਜ ਦੇਣ ਦੇ ਬਾਵਜੂਦ 25 ਦਿਨ ਬੀਤ ਜਾਣ ਤੋਂ ਬਾਅਦ ਵੀ ਮੁਲਜਮਾਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ। ਉਨਾਂ ਦਾ ਕਹਿਣਾ ਸੀ ਕਿ ਉਨਾਂ ਨੂੰ ਗੱਡੀ ਦੇ ਨੁਕਸਾਨ ਦਾ ਦੁੱਖ ਨਹੀਂ, ਸਗੋਂ ਰਾਜਾ ਸਾਹਿਬ ਦੇ ਸਥਾਨ ਦੀ ਤਸਵੀਰ ਉੱਤੇ ਕੀਤੇ ਗਏ ਹਮਲੇ ਵਜੋਂ ਉਨ੍ਹਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ।
ਇਸ ਲਈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨਾਂ ਖਿਲਾਫ ਰਾਜਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਦਰਜ ਕੀਤਾ ਜਾਵੇ। ਉਨਾਂ ਕਿਹਾ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਗੱਡੀ ਉੱਤੇ ਹਮਲਾ ਕਰਕੇ ਭੰਨ ਤੋੜ ਕੀਤੀ ਗਈ ਸੀ। ਉਨਾਂ ਕਾਰਵਾਈ ਨਾ ਕਰਨ ਤੇ ਸਮੁੰਦੜਾ ਚੌਂਕੀ ਇੰਚਾਰਜ ਅਤੇ ਗੜਸ਼ੰਕਰ ਦੇ ਐਸਐਚਓ ਨੂੰ ਵੀ ਬਰਖਾਸਤ ਕਰਨ ਦੀ ਮੰਗ ਕੀਤੀ। ਚੱਕਾ ਜਾਮ ਹੋਣ ਕਾਰਨ ਵੱਖ ਵੱਖ ਸ਼ਹਿਰਾਂ ਨੂੰ ਜਾਂਦੀਆਂ ਸੜਕਾਂ ਉੱਤੇ ਵੱਡੇ ਜਾਮ ਲੱਗ ਗਏ। ਕਰੀਬ ਢਾਈ ਤਿੰਨ ਘੰਟੇ ਤੱਕ ਚੱਲੇ ਇਸ ਚੱਕਾ ਜਾਮ ਕਾਰਨ ਮੋਹਾਲੀ ਵਿਖੇ ਲੈਕਚਰਾਰ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਦੇਣ ਜਾਣ ਵਾਲੇ ਉਮੀਦਵਾਰ, ਮਰੀਜ਼ਾਂ ਅਤੇ ਹੋਰ ਜਰੂਰੀ ਕੰਮਾਂ ਨੂੰ ਜਾ ਰਹੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ।
ਲਵਲੀ ਯੂਨੀਵਰਸਿਟੀ ਜਲੰਧਰ ਵਿਖੇ ਚੱਲ ਰਹੇ ਧਰਨੇ ਕਾਰਨ ਚੰਡੀਗੜ੍ਹ ਤੋਂ ਜਲੰਧਰ ਜਾਣ ਵਾਲਾ ਟਰੈਫਿਕ ਗੜਸ਼ੰਕਰ ਵੱਲ ਮੋੜ ਦਿੱਤਾ ਗਿਆ ਸੀ ਪਰ ਇਧਰ ਵੀ ਜਾਮ ਹੋਣ ਕਾਰਨ ਉਹ ਮੁਸੀਬਤ ਵਿੱਚ ਫਸ ਗਏ। ਡੀਐਸਪੀ ਗੜਸ਼ੰਕਰ ਭਾਰਤ ਭੂਸ਼ਣ ਸੈਣੀ ਵੱਲੋਂ ਭਰੋਸਾ ਦੇਣ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਚੁੱਕਿਆ।
ਮੁਲਜ਼ਮਾਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ : ਡੀਐੱਸਪੀ ਸੈਣੀ
ਡੀਐੱਸਪੀ ਗੜ੍ਹਸ਼ੰਕਰ ਭਾਰਤ ਭੂਸ਼ਣ ਸੈਣੀ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਦੀ ਗੱਲ ਸੁਣੀ ਤੇ ਮੁਲਜ਼ਮਾਂ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕਰਨ ਦਾ ਭਰੋਸਾ ਦਿੱਤਾ। ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਸਬੰਧੀ ਉਨਾਂ ਕਿਹਾ ਕਿ ਜਾਂਚ ਕਰਨ ਉਪਰੰਤ ਕਾਰਵਾਈ ਕੀਤੀ ਜਾਵੇਗੀ।