ਟਿੱਪਰਾਂ ਦੀ ਭਰਮਾਰ ਕਾਰਨ ਮਾਹਿਲਪੁਰ ਤੇ ਗੜ੍ਹਸ਼ੰਕਰ ਬਣੇ ‘ਟਿੱਪਰਗੜ੍ਹ’ ਟਿੱਪਰਾਂ ਦੀ ਭਰਮਾਰ ਕਾਰਨ ਮਾਹਿਲਪੁਰ ਤੇ ਗੜ੍ਹਸ਼ੰਕਰ ਬਣੇ ‘ਟਿੱਪਰਗੜ੍ਹ’,
Publish Date: Tue, 24 Nov 2026 04:37 PM (IST)
Updated Date: Tue, 24 Nov 2026 04:40 PM (IST)
ਓਵਰਲੋਡ ਟਿੱਪਰਾਂ ਦੀ ਆਵਾਜਾਈ ਨੇ ਲੋਕਾਂ ਦੀਆਂ ਵਧਾਈਆਂ ਮੁਸ਼ਕਲਾਂ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮਾਹਿਲਪੁਰ ਅਤੇ ਗੜ੍ਹਸ਼ੰਕਰ ਇਲਾਕੇ ਵਿੱਚ ਟਿੱਪਰਾਂ ਅਤੇ ਭਾਰੀ ਵਾਹਨਾਂ ਦੀ ਲਗਾਤਾਰ ਵਧ ਰਹੀ ਆਵਾਜਾਈ ਕਾਰਨ ਹੁਣ ਇਹ ਦੋਵੇਂ ਕਸਬੇ ਲੋਕਾਂ ਵਿੱਚ ‘ਟਿੱਪਰਗੜ੍ਹ’ ਵਜੋਂ ਮਸ਼ਹੂਰ ਹੋਣ ਲੱਗੇ ਹਨ। ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਸੜਕਾਂ ’ਤੇ ਦੌੜਦੇ ਟਿੱਪਰਾਂ ਦੀ ਭਰਮਾਰ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਸ ਕਰਕੇ ਜੇਜੋਂ ਤੋਂ ਮਾਹਿਲਪੁਰ ਅਤੇ ਨੰਗਲ ਤੋਂ ਗੜ੍ਹਸ਼ੰਕਰ ਵਾਲੀਆਂ ਸੜਕਾਂ ’ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਵਾਹਨਾਂ ਦੀ ਆਵਾਜਾਈ ਲੋਕਾਂ ਲਈ ਵੱਡੀ ਚਿੰਤਾ ਬਣੀ ਹੋਈ ਹੈ। ਮਾਈਨਿੰਗ ਕਾਰੋਬਾਰ ਕਾਰਨ ਹੋਇਆ ਵਾਧਾ ਇਲਾਕੇ ਵਿੱਚ ਚੱਲ ਰਹੇ ਮਾਈਨਿੰਗ ਕਾਰੋਬਾਰ ਕਾਰਨ ਟਿੱਪਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਨ੍ਹਾਂ ਵਾਹਨਾਂ ਦੀ ਆਵਾਜਾਈ ਕਾਰਨ ਕਈ ਥਾਵਾਂ ’ਤੇ ਸੜਕਾਂ ਦੀ ਹਾਲਤ ਪ੍ਰਭਾਵਿਤ ਹੋ ਰਹੀ ਹੈ ਅਤੇ ਧੂੜ-ਮਿੱਟੀ ਕਾਰਨ ਆਸ-ਪਾਸ ਦੇ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੋਟੇ ਵਾਹਨ ਚਾਲਕ ਹੁੰਦੇ ਸ਼ਿਕਾਰ ਦੂਜੇ ਪਾਸੇ ਭਾਰੀ ਵਾਹਨਾਂ ਦੇ ਲੰਘਣ ਸਮੇਂ ਛੋਟੇ ਵਾਹਨ ਚਾਲਕਾਂ, ਮੋਟਰਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਖਾਸ ਸਾਵਧਾਨੀ ਵਰਤਣੀ ਪੈਂਦੀ ਹੈ। ਟਿੱਪਰਾਂ ਦੀ ਤੇਜ਼ ਰਫ਼ਤਾਰ, ਓਵਰਲੋਡਿੰਗ ਅਤੇ ਟ੍ਰੈਫਿਕ ਨਿਯਮਾਂ ਦੀ ਕਥਿਤ ਉਲੰਘਣਾ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਕੂਲਾਂ, ਬਾਜ਼ਾਰਾਂ ਅਤੇ ਆਬਾਦੀ ਵਾਲੇ ਇਲਾਕਿਆਂ ਵਿੱਚੋਂ ਭਾਰੀ ਵਾਹਨਾਂ ਦੀ ਲੰਘਦੀ ਆਵਾਜਾਈ ਬੱਚਿਆਂ, ਬਜ਼ੁਰਗਾਂ ਅਤੇ ਦੁਕਾਨਦਾਰਾਂ ਲਈ ਵੀ ਮੁਸ਼ਕਲਾਂ ਪੈਦਾ ਕਰਦੀ ਹੈ। ਤਿੰਨ ਦਰਜਨ ਹੋ ਚੁੱਕੀਆਂ ਮੌਤਾਂ ਮਾਹਿਲਪੁਰ ਅਤੇ ਗੜ੍ਹਸ਼ੰਕਰ ਵਿਚ ਟਿੱਪਰਾਂ ਕਾਰਨ ਤਿੰਨ ਦਰਜਨ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਨੂੰ ਲੈ ਕੇ ਵਿਰੋਧੀ ਧਿਰਾਂ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਸਮੇਂ ਸਮੇਂ ’ਤੇ ਸੰਘਰਸ਼ ਵੀ ਕੀਤਾ ਜਾਂਦਾ ਹੈ ਪਰੰਤੂ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਲੌਲੀਪਾਪ ਦੇ ਕੇ ਸਮਾਂ ਸੰਭਾਲਣ ਤੋਂ ਬਾਅਦ ਸਥਿਤੀ ਮੁੜ ਉਸੇ ਸਥਾਨ ’ਤੇ ਆ ਜਾਂਦੀ ਹੈ। ਬੇਸ਼ਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਸਮੇਂ ਸਮੇਂ ’ਤੇ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤੱਕ ਹੀ ਟਿਪੱਰਾਂ ਦੇ ਲੰਘਣ ਦੀ ਸਮਾਂ ਸਾਰਣੀ ਨਿਸ਼ਚਤ ਕੀਤੀ ਹੈ ਪਰੰਤੂ ਹੁਕਮਾਂ ਦੀ ਤਾਮੀਲ ਜਮੀਨੀ ਪੱਧਰ ’ਤੇ ਨਹੀਂ ਹੁੰਦੀ। ਕਾਗਜਾਂ ਤੱਕ ਸੀਮਿਤ ਰਹਿੰਦੇ ਹੁਕਮ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਨਿਯਮਬੱਧ ਕਰਨ ਲਈ ਹੁਕਮ ਜਾਰੀ ਕੀਤੇ ਜਾਂਦੇ ਹਨ, ਪਰ ਲੋਕਾਂ ਦੀ ਮੰਗ ’ਤੇ ਡਿਪਟੀ ਕਮਿਸ਼ਨਰ ਵਲੋਂ ਦਿੱਤੇ ਜਾਂਦੇ ਹੁਕਮਾਂ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੇ ਹਨ। ਲੋਕ ਮੰਗ ਭਖ਼ਣ ਲੱਗੀ ਲੋਕਾਂ ਦੀ ਮੰਗ ਭਖ਼ਣ ਲੱਗੀ ਹੈ ਕਿ ਓਵਰਲੋਡਿੰਗ ਕਰਨ ਵਾਲੇ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ, ਵਾਹਨਾਂ ਦੀ ਰਫ਼ਤਾਰ ’ਤੇ ਨਜ਼ਰ ਰੱਖੀ ਜਾਵੇ ਅਤੇ ਨਿਰਧਾਰਤ ਸਮੇਂ ਤੋਂ ਬਾਹਰ ਆਵਾਜਾਈ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣ। ਇਸ ਦੇ ਨਾਲ ਹੀ ਮਾਈਨਿੰਗ ਮਟੀਰੀਅਲ ਦੀ ਢੋਆ-ਢੁਆਈ ਲਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਕੀ ਕਹਿੰਦੇ ਹਨ ਜਿਲ੍ਹਾ ਪ੍ਰਧਾਨ ਕਾਂਗਰਸ ਇਸ ਸਬੰਧੀ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ ਨੇ ਕਿਹਾ ਕਿ ਵਿਕਾਸ ਅਤੇ ਮਾਈਨਿੰਗ ਕਾਰੋਬਾਰ ਦੀ ਆੜ ਵਿੱਚ ਆਮ ਲੋਕਾਂ ਦੀ ਸੁਰੱਖਿਆ ਅਤੇ ਸੜਕਾਂ ਦੀ ਵਰਤੋਂ ਨੂੰ ਕਿੰਨਾ ਕੁ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ । ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਠੋਸ ਕਦਮ ਨਾ ਚੁੱਕੇ ਤਾਂ ਮਾਹਿਲਪੁਰ ਅਤੇ ਗੜ੍ਹਸ਼ੰਕਰ ਦੀ ਪਛਾਣ ਇਤਿਹਾਸਕ ਅਤੇ ਸਮਾਜਿਕ ਵਿਰਾਸਤ ਦੀ ਬਜਾਏ ਟਿੱਪਰਾਂ ਦੀ ਭਰਮਾਰ ਵਾਲੇ ਇਲਾਕਿਆਂ ਵਜੋਂ ਬਣ ਕੇ ਰਹਿ ਜਾਵੇਗੀ।