ਬਾਬਾ ਸਾਹਿਬ ਡਾ. ਅੰਬੇਡਕਰ ਚੌਕ ਦੀ ਦੋ ਮਹੀਨਿਆਂ ਤੋਂ ਨਹੀਂ ਹੋਈ ਸਫ਼ਾਈ ਬਾਬਾ ਸਾਹਿਬ ਡਾ. ਅੰਬੇਡਕਰ ਚੌਕ ਦੀ ਦੋ ਮਹੀਨਿਆਂ ਤੋਂ ਨਹੀਂ ਹੋਈ ਸਫ਼ਾਈ
Publish Date: Sun, 29 Nov 2026 06:44 PM (IST)
Updated Date: Mon, 30 Nov 2026 04:05 AM (IST)
ਦੀਪਕ ਮੱਟੂ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਸ਼ਾਮ ਚੁਰਾਸੀ ਦੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਚੌਕ ਦੀ ਲੰਮੇ ਸਮੇਂ ਤੋਂ ਹੋ ਰਹੀ ਅਣਦੇਖੀ ਕਾਰਨ ਇਸ ਦੀ ਹਾਲਤ ਬਦਤਰ ਬਣਦੀ ਜਾ ਰਹੀ ਹੈ। ਆਲੇ-ਦੁਆਲੇ ਦੇ ਦੁਕਾਨਦਾਰਾਂ ਅਤੇ ਲੋਕਾਂ ਅਨੁਸਾਰ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਇਸ ਚੌਕ ਦੀ ਨਾ ਤਾਂ ਸਹੀ ਢੰਗ ਨਾਲ ਸਫ਼ਾਈ ਕਰਵਾਈ ਗਈ ਹੈ ਅਤੇ ਨਾ ਹੀ ਇੱਥੇ ਪਏ ਕੂੜੇ ਨੂੰ ਚੁੱਕਿਆ ਗਿਆ ਹੈ। ਨਗਰ ਕੌਂਸਲ ਵੱਲੋਂ ਇਸ ਦੀ ਦੇਖਭਾਲ ਨਾ ਕੀਤੇ ਜਾਣ ਕਾਰਨ ਹੁਣ ਇੱਥੇ ਮਿੱਟੀ, ਕੂੜਾ ਅਤੇ ਗੰਦਗੀ ਫੈਲੀ ਹੋਈ ਹੈ। ਸਫ਼ਾਈ ਦੀ ਮਾੜੀ ਵਿਵਸਥਾ ਕਾਰਨ ਲੋਕਾਂ ਨੇ ਇਸ ਚੌਕ ਵਿੱਚ ਬੈਠਣਾ ਵੀ ਘੱਟ ਕਰ ਦਿੱਤਾ ਹੈ। ਇਸ ਮੌਕੇ ਸੁਰਜੀਤ ਸਿੰਘ ਅਤੇ ਦੁਕਾਨਦਾਰ ਮੋਹਨ ਅਤੇ ਹੋਰ ਲੋਕਾਂ ਨੇ ਸ਼ਹਿਰ ਦੀ ਸਮੁੱਚੀ ਸਫ਼ਾਈ ਵਿਵਸਥਾ ਨੂੰ ਲੈ ਕੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸ਼ਾਮ ਚੁਰਾਸੀ ਦੇ ਨੌਂ ਵਾਰਡਾਂ ਵਿੱਚ ਸਫ਼ਾਈ ਦੀ ਹਾਲਤ ਤਸੱਲੀਬਖ਼ਸ਼ ਨਹੀਂ ਹੈ। ਕਈ ਘਰਾਂ ਵਿੱਚੋਂ ਨਿਯਮਿਤ ਤੌਰ ’ਤੇ ਕੂੜਾ ਨਹੀਂ ਚੁੱਕਿਆ ਜਾਂਦਾ। ਜਿਨ੍ਹਾਂ ਘਰਾਂ ਤੋਂ ਪੈਸੇ ਨਹੀਂ ਮਿਲਦੇ, ਉੱਥੋਂ ਕੂੜਾ ਨਾ ਚੁੱਕਣ ਦੀ ਸ਼ਿਕਾਇਤ ਵੀ ਸਾਹਮਣੇ ਆ ਰਹੀ ਹੈ। ਇਸ ਕਾਰਨ ਮਜਬੂਰ ਹੋ ਕੇ ਕੁਝ ਲੋਕ ਆਪਣੇ ਘਰਾਂ ਦਾ ਕੂੜਾ ਖਾਲੀ ਥਾਵਾਂ, ਪਲਾਟਾਂ ਅਤੇ ਹੋਰ ਥਾਵਾਂ ’ਤੇ ਸੁੱਟ ਦਿੰਦੇ ਹਨ, ਜਿਸ ਨਾਲ ਸ਼ਹਿਰ ਵਿੱਚ ਥਾਂ-ਥਾਂ ਕੂੜੇ ਦੇ ਡੰਪ ਬਣਦੇ ਜਾ ਰਹੇ ਹਨ। ਇਸ ਸਬੰਧੀ ਸਾਬਕਾ ਐਮ.ਸੀ. ਊਸ਼ਾ ਸਹੋਤਾ ਨੇ ਕਿਹਾ ਕਿ ਸ਼ਾਮ ਚੁਰਾਸੀ ਦੀ ਸਫ਼ਾਈ ਵਿਵਸਥਾ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਅਤੇ ਹਰ ਵਾਰਡ ਦੇ ਹਰ ਘਰ ਵਿੱਚੋਂ ਨਿਯਮਿਤ ਤੌਰ ’ਤੇ ਕੂੜਾ ਨਹੀਂ ਚੁੱਕਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਘਰਾਂ ਵਿੱਚੋਂ ਕੂੜਾ ਚੁੱਕਣ ਦੇ ਬਦਲੇ ਪੈਸੇ ਵਸੂਲਣੇ ਬੰਦ ਕੀਤੇ ਜਾਣੇ ਚਾਹੀਦੇ ਹਨ ।