ਥਾਣਾ ਮੁਖੀ ਅਤੇ ਡੀ ਐਸ ਪੀ ਦੀ ਘੁੰਮਣਘੇਰੀ ’ਚ ਫਸਿਆ ਨਾਇਬ ਸੂਬੇਦਾਰ ਥਾਣਾ ਮੁਖੀ ਅਤੇ ਡੀ ਐਸ ਪੀ ਦੀ ਘੁੰਮਣਘੇਰੀ ’ਚ ਫਸਿਆ ਨਾਇਬ ਸੂਬੇਦਾਰ
Publish Date: Fri, 23 Oct 2026 05:14 PM (IST)
Updated Date: Fri, 23 Oct 2026 05:15 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਆਪਣੇ ਹੱਕ ਤੇ ਇਨਸਾਫ਼ ਲਈ ਪ੍ਰਸ਼ਾਸਨ ਤੇ ਸਿਸਟਮ ਦੇ ਚੱਕਰ ਕੱਟਣ ਲਈ ਮਜਬੂਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲਾ ਗੌਂਸਪੁਰ ਦੇ ਰਹਿਣ ਵਾਲੇ ਫ਼ੌਜੀ ਜਵਾਨ ਕਿਰਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਪੂਜਾ ਰਾਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਸ਼ਾਸਨਿਕ ਢਿੱਲਮੱਠ ਤੇ ਧੱਕੇਸ਼ਾਹੀ ਖ਼ਿਲਾਫ਼ ਆਪਣਾ ਦਰਦ ਬਿਆਨ ਕੀਤਾ। ਫ਼ੌਜ ਦੇ ਉੱਚ ਅਫਸਰਾਂ ਵਲੋਂ ਜਿਲ੍ਹਾ ਪੁਲਿਸ ਮੁਖੀ ਨੂੰ ਲਿਖ਼ੇ ਪੱਤਰ ਵੀ ਪੁਲਿਸ ਦੀ ਰੱਦੀ ਦੀ ਟੋਕਰੀ ਬਣ ਗਏ ਜਦਕਿ ਉਹ ਆਪ ਤੇ ਉਸ ਦਾ ਪਰਿਵਾਰ ਪੁਲਿਸ ਥਾਣਾ ਮੁਖੀ ਤੇ ਡੀਐਸਪੀ ਦੀ ਘੁੰਮਣਘੇਰੀ ’ਚ ਹੀ ਉਲਝ ਕੇ ਰਹਿ ਗਿਆ। ਕੀ ਹੈ ਮਾਮਲਾ ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2023 ’ਚ 19 ਮਾਰਲੇ ਲਗਭਗ 3 ਸਰਸਾਹੀ ਜ਼ਮੀਨ ਖ਼ਰੀਦੀ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਛੁੱਟੀ ਕੱਟ ਕੇ ਡਿਊਟੀ ’ਤੇ ਵਾਪਸ ਗਏ, ਤਾਂ ਪਿੱਛੋਂ ਵਿਰੋਧੀ ਧਿਰ ਵੱਲੋਂ ਜ਼ਮੀਨ ’ਤੇ ਨਾਜਾਇਜ਼ ਕੰਧ ਟੱਪ ਕੇ ਕਬਜ਼ਾ ਕਰਨ ਦਾ ਯਤਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਵਾਰ-ਵਾਰ ਪੁਲਿਸ ਚੌਕੀ ਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਠੋਸ ਸੁਣਵਾਈ ਨਹੀਂ ਹੋਈ। ਪਰਿਵਾਰ ਨੇ ਦੋਸ਼ ਲਾਇਆ ਕਿ ਦੂਜੀ ਧਿਰ ਸਿਆਸੀ ਰਸੂਖ਼ ਦੇ ਦਮ ’ਤੇ ਉਨ੍ਹਾਂ ਨੂੰ ਡਰਾ-ਧਮਕਾ ਰਹੀ ਹੈ ਤੇ ਰਾਜ਼ੀਨਾਮੇ ਦਾ ਦਬਾਅ ਬਣਾ ਰਹੀ ਹੈ। ਉਸ ਨੇ ਦੱਸਿਆ ਕਿ ਉਹ 40 ਦਿਨਾਂ ਤੋਂ ਛੁੱਟੀ ਲੈ ਕੇ ਇਨਸਾਫ਼ ਦੀ ਲੜਾਈ ਲੜ ਰਿਹਾ ਹੈ ਪਰੰਤੂ ਥਾਣਾ ਮੁਖੀ ਹਰਿਆਣਾ ਤੇ ਡੀਐਸਪੀ ਉਸ ਨੂੰ ਰਾਜਸੀ ਦਬਾਅ ਹੇਠ ਘਰ ਤੋਰ ਦਿੰਦੇ ਹਨ ਜਦਕਿ ਆਪਣੇ ਸਾਹਮਣੇ ਬੈਠੀਆਂ ਦੋਨਾਂ ਧਿਰਾਂ ਦੌਰਾਨ ਵਿਰੋਧੀ ਧਿਰ ਦਾ ਕਸੂਰ ਕੱਢਦੇ ਵੀ ਹਨ। ਮੁੜ ਕੀਤੀ ਲੜਾਈ ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵੀ ਜਦੋਂ ਉਹ ਟਰੈਕਟਰ ’ਤੇ ਆ ਰਿਹਾ ਸੀ ਤਾਂ ਵਿਰੋਧੀ ਧਿਰ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਜਿਸ ’ਤੇ ਥਾਣਾ ਮੁਖੀ ਨੇ ਮੌਕਾ ਵੀ ਦੇਖਿਆ ਪਰੰਤੂ ਅਜੇ ਤੱਕ ਕਾਰਵਾਈ ਨਹੀਂ ਕੀਤੀ। ਉਸ ਨੇ ਦੱਸਿਆ ਕਿ ਦੋਹਾਂ ਧਿਰਾਂ ਨੂੰ ਇੱਕ ਵਾਰ ਬੁਲਾ ਕੇ ਮੁੜ ਰਾਜਸੀ ਦਬਾਅ ਹੇਠ ਕਾਰਵਾਈ ਰੋਕ ਦਿੱਤੀ। ਉਸ ਨੇ ਦੱਸਿਆ ਕਿ ਉਹ ਡੀਐਸਪੀ ਤੇ ਥਾਣਾ ਮੁਖੀ ਦੀ ਘੁੰਮਣਘੇਰੀ ’ਚ ਉਲਝ ਕੇ ਰਹਿ ਗਿਆ ਤੇ ਇਨਸਾਫ਼ ਨਹੀਂ ਮਿਲਿਆ। ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਪੱਤਰ ਕੰਮ ਨਾ ਆਏ ਫ਼ੌਜੀ ਨੇ ਦੱਸਿਆ ਕਿ ਉਸ ਨੇ ਆਪਣੇ ਫ਼ੌਜ ਦੇ ਉੱਚ ਅਧਿਕਾਰੀਆਂ ਨੂੰ ਦੱਸਿਆ ਤਾਂ ਉਨ੍ਹਾਂ ਵਲੋਂ ਬਕਾਇਦਾ ਜ਼ਿਲ੍ਹਾ ਪੁਲਿਸ ਮੁਖੀ ਨੂੰ ਪੱਤਰ ਲਿਖ਼ੇ ਸਨ ਜਿਹੜੇ ਉਹ ਆਪ ਹਾਜ਼ਰ ਹੋ ਕੇ ਦੇ ਕੇ ਆਇਆ ਸੀ। ਉਸ ਨੇ ਦੱਸਿਆ ਕਿ ਪੰਜਾਬ ਪੁਲਿਸ ਕੋਲ ਫ਼ੌਜ ਲਈ ਕੋਈ ਅਹਿਮੀਅਤ ਨਹੀਂ ਹੈ ਜਿਸ ਕਾਰਨ ਫ਼ੌਜ ਅਫਸਰਾਂ ਦੇ ਪੱਤਰ ਵੀ ਰੱਦੀ ਦੀ ਟੋਕਰੀ ਬਣ ਗਏ। ਕੀ ਕਹਿੰਦੇ ਹਨ ਥਾਣਾ ਮੁਖੀ ਇਸ ਸਬੰਧੀ ਥਾਣਾ ਮੁਖੀ ਗੁਰਬਚਨ ਸਿੰਘ ਨੇ ਨੇ ਦੱਸਿਆ ਕਿ ਦੋਹਾਂ ਦਾ ਝਗੜਾ ਪਲਾਟ ’ਚ ਚੱਲਦਾ ਹੈ। ਛੋਟੀ ਛੋਟੀ ਗੱਲ ’ਤੇ ਝਗੜੇ ਹੁੰਦੇ ਹਨ। 107/51 ਬਣਦੀ ਹੈ। ਸਾਰੇ ਵੱਡੇ ਅਫਸਰਾਂ ਦੇ ਧਿਆਨ ’ਚ ਮਾਮਲਾ ਹੈ। ਝਗੜੇ ਵਾਲੀ ਜਮੀਨ ’ਤੇ ਦੋਨੋ ਧਿਰਾਂ ਹੱਕ ਜਮਾ ਰਹੀਆਂ ਹਨ। ਦਰਖ਼ਾਸਤਾਂ ਇਨ੍ਹਾਂ ਦੀਆਂ ਬੰਦ ਵਰਗੀਆਂ ਹਨ।