ਇਨਸਾਫ਼ ਲਈ ਸਾਲ ਤੋਂ ਥਾਣਿਆਂ ਦੇ ਚੱਕਰ ਕੱਟ ਰਿਹਾ ਨੌਜਵਾਨ ਇੰਨਸਾਫ਼ ਲਈ ਸਾਲ ਤੋਂ ਥਾਣਿਆਂ ਦੇ ਚੱਕਰ ਕੱਟ ਰਿਹਾ ਨੌਜਵਾਨ
Publish Date: Mon, 26 Oct 2026 04:47 PM (IST)
Updated Date: Mon, 26 Oct 2026 04:49 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਇਨਸਾਫ਼ ਦੀ ਉਮੀਦ ਲੈ ਕੇ ਪੁਲਿਸ ਥਾਣਿਆਂ ਦੇ ਚੱਕਰ ਕੱਟ ਰਹੇ ਇੱਕ ਨੌਜਵਾਨ ਨੂੰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲ ਸਕਿਆ। ਅੱਜ ਜਾਗਰਣ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਰਿੰਦਰ ਕੁਮਾਰ ਪੁੱਤਰ ਚਰਨ ਸਿੰਘ ਵਾਸੀ ਪਿੰਡ ਖਨੌੜਾ ਨੇ ਦੱਸਿਆ ਕਿ ਉਸ ਨੂੰ ਫੋਨ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਜਿਸ ਸਬੰਧੀ ਉਸ ਨੇ ਪੁਲਿਸ ਕੋਲੋਂ ਇੰਨਸਾਫ਼ ਲੈਣ ਲਈ ਸ਼ਿਕਾਇਤ ਕੀਤੀ ਸੀ। ਉਸ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਮਿਲਦੀਆਂ ਸਨ। ਇਸ ਸਬੰਧੀ ਉਹ ਲਗਾਤਾਰ ਪੁਲਿਸ ਕੋਲ ਸ਼ਿਕਾਇਤਾਂ ਦੇ ਕੇ ਕਾਰਵਾਈ ਦੀ ਮੰਗ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਸਾਈਬਰ ਕਰਾਈਮ ਦੀ ਪੁਲਿਸ ਨੇ ਹੀ ਫ਼ੋਨ ਦੀ ਭਾਲ ਕਰਕੇ ਧਮਕੀਆਂ ਦੇਣ ਵਾਲੇ ਦੀ ਪਹਿਚਾਣ ਦਿੱਤੀ ਸੀ। ਉਸ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਵੱਲੋਂ ਕਥਿਤ ਦੋਸ਼ੀ ਦਾ ਪਤਾ ਲਗਾਏ ਜਾਣ ਦੇ ਬਾਵਜੂਦ ਉਸ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਉਹ ਵੱਖ-ਵੱਖ ਥਾਣਿਆਂ ਵਿੱਚ ਅਰਜ਼ੀਆਂ ਦੇ ਕੇ ਥੱਕ ਚੁੱਕਾ ਹੈ, ਪਰ ਉਸ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਪੀੜਿਤ ਦਾ ਕਹਿਣਾ ਹੈ ਕਿ ਜੇਕਰ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਦੌਰਾਨ ਕਥਿਤ ਮੁਲਜ਼ਮ ਦੀ ਪਛਾਣ ਹੋ ਚੁੱਕੀ ਹੈ ਤਾਂ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋ ਰਹੀ? ਇੱਕ ਸਾਲ ਤੋਂ ਚੱਲ ਰਹੀ ਇਸ ਪ੍ਰਕਿਰਿਆ ਨੇ ਉਸ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਵਰਿੰਦਰ ਕੁਮਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੀ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਦੋਸ਼ਾਂ ਦੀ ਪੁਸ਼ਟੀ ਹੁੰਦੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਕੀ ਕਹਿੰਦੇ ਹਨ ਪੜਤਾਲੀਆ ਅਫਸਰ ਇਸ ਸਬੰਧੀ ਪੜਤਾਲੀਆ ਅਫਸਰ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਉਨ੍ਹਾਂ ਤਕਨੀਕੀ ਢੰਗ ਨਾਲ ਪੜਤਾਲ ਕੀਤੀ । ਸਾਰਾ ਰਿਕਾਰਡ ਤਕਨੀਕੀ ਸੀ। ਉਸ ਦੀ ਰਿਪੋਰਟ ਬਣਾ ਕੇ ਭੇਜ ਦਿੱਤੀ ਸੀ। ਉਸ ਵਿੱਚੋਂ ਕੁੱਝ ਨਹੀਂ ਮਿਲਿਆ। ਅੱਗੇ ਕਾਰਵਾਈ ਅਫਸਰਾਂ ਨੇ ਕਰਨੀ ਹੈ।