- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਿਆਂ ਅਤੇ ਰਾਜਸੀ ਲਾਰਿਆਂ ’ਚ ਉਲਝ ਕੇ ਰਹਿ ਗਿਆ ਫ਼ੌਜੀ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਹਿੰਦੋਸਤਾਨ ਦੀਆਂ ਸਰਹੱਦਾਂ ਤਾਂ ਸੁਰੱਖਿਅਤ ਹਨ ਪਰ ਦੇਸ਼ ਅੰਦਰਲਾ ਨੌਕਰਸ਼ਾਹੀ ਵਾਤਾਵਾਰਣ ਗੰਧਲਾ ਹੋ ਚੁੱਕਾ ਹੈ। ਇਹ ਵਿਚਾਰ ਅੱਜ ਇੱਕ ਫ਼ੌਜ ਵਿਚ ਤਾਇਨਾਤ ਇੱਕ ਫ਼ੌਜੀ ਨੇ ਹੁਸ਼ਿਆਰਪੁਰ ਵਿਖੇ ਕੀਤੇ ਪੱਤਰਕਾਰ ਸੰਮੇਲਨ ਦੌਰਾਨ ਪ੍ਰਗਟ ਕੀਤੇ। ਘਰ ਵਿਚ ਹੋਏ ਹਮਲੇ ਤੋਂ ਬਾਅਦ ਫ਼ੌਜੀ ਨੂੰ ਅਚਾਨਕ ਛੁੱਟੀ ਲੈ ਕੇ ਆਏ ਫ਼ੌਜ ਵਿਚ ਤਾਇਨਾਤ ਇੱਕ ਫ਼ੌਜੀ ਅਤੇ ਉਸ ਦੀ ਅਧਿਆਪਕ ਪਤਨੀ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਆਪਣਾ ਦੁੱਖ਼ੜਾ ਸੁਣਾਇਆ। ਪੱਤਰਕਾਰ ਸੰਮੇਲਨ ਮੌਕੇ ਜਾਣਕਾਰੀ ਦਿੰਦੇ ਹੋਏ ਫ਼ੌਜੀ ਕਿਰਪਾਲ ਸਿੰਘ ਪੁੱਤਰ ਸਿਕੰਦਰ ਸਿੰਘ ਅਤੇ ਉਸ ਦੀ ਅਧਿਆਪਕ ਪਤਨੀ ਪੂਜਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਗੁਆਂਢੀਆਂ ਕ੍ਰਿਸ਼ਨ ਲਾਲ ਤੇ ਸਤੀਸ਼ ਕੁਮਾਰ ਬਗੈਰਾ ਤੋਂ 08 ਫ਼ਰਵਰੀ 2023 ਨੂੰ 19 ਮਰਲੇ 03 ਸਰਸਾਹੀ ਜਮੀਨ ਛੇ ਮਰਲੇ ਜਮੀਨ ਲਾਲ ਲਕੀਰ ਅੰਦਰ ਖ਼ਰੀਦੀ ਸੀ, ਜਿਸ ਦੀ ਅਦਾਇਗੀ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਸਾਰੀ ਜ਼ਮੀਨ ਦੀ ਚਾਰਦੀਵਾਰੀ ਕਰ ਲਈ ਤਾਂ ਇਹ ਕਬਜ਼ਾ ਕਰਨ ਆ ਗਏ, ਜਿਸ ਕਾਰਨ ਉਸ ਵੇਲੇ ਇਨ੍ਹਾਂ ਲੜਾਈ ਕੀਤੀ ਅਤੇ ਕੈਮਰੇ ਅਤੇ ਚੋਰੀ ਕਰ ਕੇ ਲੈ ਗਏ ਅਤੇ ਤੋੜ ਫ਼ੋੜ ਕਰ ਦਿੱਤੀ, ਜਿਸ ’ਤੇ ਥਾਣਾ ਹਰਿਆਣਾ ਵਿਖੇ ਪਰਚਾ ਦਰਜ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਦੋ ਵਾਰ ਫਿਰ ਇਨ੍ਹਾਂ ਲੜਾਈ ਕੀਤੀ ਤਾਂ ਉਹ ਸਰਹੱਦ ਤੋਂ ਵੀ ਸ਼ਿਕਾਇਤਾਂ ਕਰਦਾ ਰਿਹਾ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਉਸ ਨੇ ਦੱਸਿਆ ਉੱਚ ਅਦਾਲਤ ਵਿਚ ਇਨ੍ਹਾਂ ਨੇ ਰਾਜੀਨਾਮਾ ਕਰ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਮੁੜ ਰਾਜੀਨਾਮੇ ਤੋਂ ਮੁਨਕਰ ਹੋ ਕੇ ਉਨ੍ਹਾਂ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ 11 ਸਤੰਬਰ ਨੂੰ ਮੁੜ ਉਨ੍ਹਾਂ ਦੇ ਪਲਾਟ ਵਿਚ ਦਾਖ਼ਲ ਹੋ ਗਏ ਅਤੇ ਤੋੜ ਫ਼ੋੜ ਕਰ ਕੇ ਗਾਲੀ-ਗਲੋਚ ਕੀਤਾ, ਜਦੋਂ ਉਸ ਦੀ ਪਤਨੀ ਅਤੇ ਮਾਂ ਘਰ ਵਿਚ ਇਕੱਲੀਆਂ ਸਨ।
- ਤਤਕਾਲ ਛੁੱਟੀ ਲੈ ਕੇ ਆਉਣਾ ਪਿਆ
ਫ਼ੌਜੀ ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤਾਜ਼ਾ ਹੋਏ ਝਗੜੇ ਤੋਂ ਬਾਅਦ ਤਤਕਾਲ ਛੁੱਟੀ ਲੈ ਕੇ ਆਉਣਾ ਪਿਆ ਅਤੇ ਜਿਸ ਦੀਆਂ ਉਸ ਨੇ ਆ ਕੇ ਜ਼ਿਲ੍ਹਾ ਪੁਲਿਸ ਮੁਖੀ, ਡਿਪਟੀ ਕਮਿਸ਼ਨਰ ਅਤੇ ਥਾਣਾ ਮੁਖੀ ਹਰਿਆਣਾ ਨੂੰ ਸ਼ਿਕਾਇਤਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿਛਲੇ ਪੰਜ ਦਿਨਾਂ ਤੋਂ ਇਨਸਾਫ਼ ਲੈਣ ਲਈ ਦਰ-ਦਰ ਭਟਕ ਰਿਹਾ ਹੈ ਪਰ ਹਰਿਆਣਾ ਥਾਣੇ ਦੀ ਪੁਲਿਸ ਉਨ੍ਹਾਂ ਨੂੰ ਹੱਥ ਪੱਲਾ ਨਹੀਂ ਫ਼ੜਾ ਰਹੀ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਹੀ ਥਾਣੇ ਆ ਜਾਂਦੇ ਹਨ ਪਰ ਵਿਰੋਧੀ ਧਿਰ ਇੱਕ ਆਪ ਆਗੂ ਦੇ ਕਹਿਣ ’ਤੇ ਥਾਣੇ ਹੀ ਨਹੀਂ ਪਹੁੰਚਦੀ, ਜਦਕਿ ਉਨ੍ਹਾਂ ਦੇ ਬਿਆਨ ਵੀ ਕਲਮਬੰਦ ਕਰ ਲਏ ਹਨ। ਉਨ੍ਹਾਂ ਕਿਹਾ ਕਿ ਥਾਣਾ ਮੁਖੀ ਉਨ੍ਹਾਂ ਨੂੰ ਮੰਤਰੀ ਡਾ. ਰਵਜੋਤ ਕੋਲੋਂ ਸਿਫਾਰਸ਼ ਕਰਨ ਲਈ ਭੇਜੀ ਜਾ ਰਿਹਾ ਸੀ, ਜਿਸ ਕਾਰਨ ਉਹ ਅੱਜ ਮੰਤਰੀ ਨੂੰ ਮਿਲੇ ਜਿਨ੍ਹਾਂ ਇਨਸਾਫ਼ ਦਾ ਭਰੋਸਾ ਦਿੱਤਾ। ਉਸ ਨੇ ਕਿਹਾ ਕਿ ਸਰਹੱਦਾਂ ਤਾਂ ਸੁਰੱਖਿਅਤ ਹਨ ਪਰ ਅੰਦਰੂਨੀ ਲੋਕ ਸੁਰੱਖਿਅਤ ਨਹੀਂ ਹਨ।
- ਮੋਮਬੱਤੀਆਂ ਜਗਾਉਣ ਨਾ ਆ ਜਾਇਓ
ਫ਼ੌਜੀ ਦੀ ਅਧਿਆਪਕ ਪਤਨੀ ਨੇ ਭਰੇ ਮਨ ਨਾਲ ਕਿਹਾ ਪਤਨੀ ਥਾਂ-ਥਾਂ ਧੱਕੇ ਖ਼ਾ ਰਹੇ ਹਨ। ਉਸ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੁੰਦਾ ਹੈ ਤਾਂ ਮੋਮਬੱਤੀਆਂ ਜਗਾਉਣ ਨਾ ਆ ਜਾਇਓ। ਰਾਜਸੀ ਅਤੇ ਪੁਲਸੀਆ ਸ਼ਹਿ ’ਤੇ ਉਨ੍ਹਾਂ ਨੂੰ ਹਰ ਰੋਜ਼ ਮਾਨਿਸਕ ਪੀੜਾ ਦਿੱਤੀ ਜਾ ਰਹੀ ਹੈ।
ਕੀ ਕਹਿੰਦੇ ਹਨ ਥਾਣਾ ਮੁਖੀ : ਇਸ ਸਬੰਧੀ ਥਾਣਾ ਮੁਖੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਬਿਆਨ ਕਲਮਬੰਦ ਕਰ ਲਏ ਹਨ। ਉਨ੍ਹਾਂ ਮੰਤਰੀ ਸਾਹਿਬ ਕੋਲ ਜਾਣ ਲਈ ਨਹੀਂ ਕਿਹਾ ਹੈ। ਉਨ੍ਹਾਂ ਨੂੰ ਹੁਣ ਡਿਪਟੀ ਸਾਹਿਬ ਨੇ ਬੁਲਾਇਆ ਹੈ। ਉਹੀ ਫ਼ੈਸਲਾ ਕਰਨਗੇ।
ਕੀ ਕਹਿੰਦੇ ਹਨ ਡੀਐੱਸਪੀ : ਇਸ ਸਬੰਧੀ ਡੀਐੱਸਪੀ ਨਰਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਕੋਈ ਇੱਕ ਪਾਸੜ ਕਾਰਵਾਈ ਨਹੀਂ ਹੋਵੇਗੀ। ਫ਼ੌਜੀ ਦੇ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲੇਗਾ। ਵੀਡੀਓ ਅਤੇ ਹੋਰ ਸਬੂਤਾਂ ਦੀ ਪੜਤਾਲ ਕਰ ਕੇ ਕਾਰਵਾਈ ਕਰ ਦਿੱਤੀ ਜਾਵੇਗੀ।