ਨੰਗਲ ਖੁੰਗਾ ਵਿਖੇ ਮੁਫ਼ਤ ਮੈਡੀਕਲ ਕੈਂਪ ਦੀਆਂ ਤਿਆਰੀਆਂ ਸ਼ੁਰੂ
ਮਾਨਵਤਾ ਸੇਵਾ ਸੋਸਾਇਟੀ ਵੱਲੋਂ ਨੰਗਲ ਖੁੰਗਾ ਵਿਖੇ ਖੂਨਦਾਨ ਤੇ ਮੁਫ਼ਤ ਮੈਡੀਕਲ ਕੈਂਪ ਦੀਆਂ ਤਿਆਰੀਆਂ ਸ਼ੁਰੂ : ਅਵਤਾਰ ਤਾਰੀ
Publish Date: Sat, 21 Nov 2026 04:29 PM (IST)
Updated Date: Sat, 21 Nov 2026 04:31 PM (IST)
ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਡੇਰਾ ਬਾਬਾ ਭਗਤ ਰਾਮ ਨੰਗਲ ਖੁੰਗਾ ਦੇ ਗੱਦੀਨਸ਼ੀਨ ਸੰਤ ਨਰੇਸ਼ ਗਿਰੀ ਦੀ ਅਗਵਾਈ ਹੇਠ 6 ਦਸੰਬਰ ਨੂੰ ਕਰਵਾਏ ਜਾ ਰਹੇ ਦੋ ਰੋਜ਼ਾ ਸੰਤ ਸੰਮੇਲਨ ਅਤੇ ਸਮੂਹਿਕ ਆਨੰਦ ਕਾਰਜ ਦੌਰਾਨ ਖੂਨਦਾਨ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ। ਇਸ ਸਬੰਧੀ ਤਿਆਰੀਆਂ ਨੂੰ ਲੈ ਕੇ ਮਾਨਵਤਾ ਸੇਵਾ ਸੋਸਾਇਟੀ ਨੰਗਲ ਖੁੰਗਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਅਵਤਾਰ ਤਾਰੀ ਨੇ ਦੱਸਿਆ ਕਿ 6 ਦਸੰਬਰ ਨੂੰ ਡੇਰਾ ਬਾਬਾ ਭਗਤ ਰਾਮ ਵਿਖੇ ਇਲਾਕਾ ਨਿਵਾਸੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕੈਂਪ ਲਗਾਇਆ ਜਾਵੇਗਾ। ਇਸ ਦਾ ਮੁੱਖ ਉਦੇਸ਼ ਲੋੜਵੰਦ ਅਤੇ ਬੇਸਹਾਰਾ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਦੇਣ ਦੇ ਨਾਲ-ਨਾਲ ਜ਼ਰੂਰਤਮੰਦ ਮਰੀਜ਼ਾਂ ਲਈ ਖੂਨ ਦਾ ਪ੍ਰਬੰਧ ਕਰਨਾ ਹੈ ਜਿਸ ਨਾਲ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਸੋਸਾਇਟੀ ਵੱਲੋਂ ਲੋੜ ਪੈਣ ਤੇ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਨੂੰ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸੰਤ ਗੁਰਮੇਲ ਦਾਸ ਜੀ ਮਹਾਰਾਜ, ਸੰਤ ਹਰਜਿੰਦਰ ਸਿੰਘ, ਸਤਪਾਲ ਸਿੰਘ, ਬਲਵਿੰਦਰ ਸਿੰਘ ਤਖੀ, ਗੁਰਪ੍ਰੀਤ ਸਿੰਘ ਗੋਪੀ, ਗੁਰਦੀਪ ਸਿੰਘ, ਰਘਵੀਰ ਸਿੰਘ ਅਤੇ ਕੁਲਦੀਪ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।