- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਢੀ ਦੇ ਦਰਜ਼ਨ ਭਰ ਪਿੰਡਾਂ ‘ਚ ਬਿਜਲੀ ਕਰੀਬ 17 ਘੰਟੇ ਬਿਜਲੀ ਰਹੀ ਠੱਪ

ਦੇਸ਼ ਰਾਜ, ਪੰਜਾਬੀ ਜਾਗਰਣ ਤਲਵਾੜਾ : ਬੀਤੇ ਕੱਲ੍ਹ ਸ਼ਾਮ ਕਰੀਬ 4 ਵਜੇ ਤੋਂ ਬੰਦ ਪਈ ਕੰਢੀ ਦੇ ਕਮਾਹੀ ਦੇਵੀ ਫੀਡਰ ਦੀ ਬਿਜਲੀ ਕਰੀਬ 17 ਘੰਟੇ ਠੱਪ ਰਹੀ, ਜਿਸ ਕਾਰਨ ਫੀਡਰ ਅਧੀਨ ਆਉਂਦੇ ਕਰੀਬ ਦਰਜ਼ਨ ਭਰ ਪਿੰਡਾਂ ਦੇ ਲੋਕ ਪ੍ਰੇਸ਼ਾਨੀ ਝੱਲਦੇ ਰਹੇ। ਇਸ ਦੌਰਾਨ ਬਿਜਲੀ ਵਿਭਾਗ ਦੇ ਜੇਈ ਜਾਂ ਹੋਰ ਅਧਿਕਾਰੀਆਂ ਨੇ ਬਿਜਲੀ ਤਾਂ ਕੀ ਠੀਕ ਕਰਾਉਣੀ ਸੀ, ਫੋਨ ਚੁੱਕਣੇ ਵੀ ਪਸੰਦ ਨਾ ਕੀਤੇ। ਇਸ ਦੌਰਾਨ ਬਹਿਮਾਵਾ, ਮੁਹੱਲਾ ਚਲਿਆਣੀਆਂ, ਬਹਿ ਲੱਖਣ, ਬਹਿ ਕੀਤੋ, ਬਹਿ ਦੂਲੋ, ਬਹਿ ਵਿਧੀਆ, ਜੱਟ ਮੈਰਾ ਸਮੇਤ ਦਰਜ਼ਨ ਭਰ ਤੋਂ ਵੱਧ ਪਿੰਡ ਇਸ ਦੀ ਮਾਰ ਹੇਠਾਂ ਆਏ। ਇਸ ਸਬੰਧੀ ਸੁਖਦੇਵ ਸਿੰਘ, ਬੱਬਲੀ ਕੁਮਾਰੀ, ਸਪਨਾ ਦੇਵੀ, ਤਨਿਸ਼ ਚੌਧਰੀ, ਹਰਸ਼ਲ ਚੋਧਰੀ, ਨਰੇਸ਼ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾ ਦੇ ਪਿੰਡਾਂ ਦੀ ਬਿਜਲੀ ਸਪਲਾਈ ਬੀਤੀ ਸ਼ਾਮ ਕਰੀਬ 4 ਵਜੇ ਠੱਪ ਹੋ ਗਈ ਸੀ। ਉਹ ਪਹਿਲਾਂ ਤਾਂ ਇਸ ਨੂੰ ਮਾਮੂਲੀ ਕੱਟ ਸਮਝਦੇ ਰਹੇ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਬਿਜਲੀ ਸਪਲਾਈ ਦਾ ਕਾਰਨ ਲਾਈਨ ਵਿੱਚ ਫਾਲਟ ਪਿਆ ਹੋਣਾ ਸੀ। ਉਨ੍ਹਾਂ ਨੇ ਕਮਾਹੀ ਦੇਵੀ ਫੀਡਰ ਅਧੀਨ ਆਉਂਦੇ ਜੇਈ ਸਾਹਿਬਾਨ ਅਤੇ ਐਸਡੀਓ ਸਾਹਿਬਨ ਨੂੰ ਫੋਨ ਕੀਤੇ, ਪਰ ਕੋਈ ਫੋਨ ਤੱਕ ਅਟੈਂਡ ਕਰਨ ਲਈ ਤਿਆਰ ਨਹੀਂ ਸੀ। ਉਹ ਸਾਰੀ ਰਾਤ ਘੁੱਪ ਹਨੇਰੇ ਵਿੱਚ ਪ੍ਰੇਸ਼ਾਨੀ ਝੱਲਦੇ ਰਹੇ, ਪਰ ਕਿਸੇ ਬਿਜਲੀ ਅਧਿਕਾਰੀ ਦੇ ਕੰਨ ‘ਤੇ ਜੂੰ ਨਾ ਸਰਕੀ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਵਾਰ ਵਾਰ ਫੋਨ ਕਰਨ ਉਪਰੰਤ ਉਨ੍ਹਾਂ ਦੀ ਬਿਜਲੀ ਸਪਲਾਈ ਕਰੀਬ ਸਾਢੇ 9 ਵਜੇ ਬਹਾਲ ਹੋਈ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ। ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਕਿ ਕੰਢੀ ਖੇਤਰ ਵਿੱਚ ਬਿਜਲੀ ਸਪਲਾਈ ਠੱਪ ਹੋਣ ਤੋਂ ਰੋਕਣ ਲਈ ਠੋਸ ਯਤਨ ਕੀਤੇ ਜਾਣ।