ਚੱਬੇਵਾਲ ਹਲਕੇ ਦੀ ਸਿਆਸਤ ਅਕਾਲੀ ਦਲ ਤੇ 'ਆਪ' ਦੁਆਲੇ ਲੱਗੀ ਘੁੰਮਣ ਚੱਬੇਵਾਲ ਦੀ ਸਿਆਸਤ ਵਿੱਚ ਅਕਾਲੀ ਦਲ ਤੇ 'ਆਪ' ਦੁਆਲੇ ਘੁੰਮਣ ਲੱਗੀ
Publish Date: Thu, 12 Nov 2026 05:21 PM (IST)
Updated Date: Thu, 12 Nov 2026 05:24 PM (IST)
ਬਸਪਾ ਤੇ ਭਾਜਪਾ ਅਜੇ ਉਮੀਦਵਾਰ ਐਲਾਨਣ ਤੋਂ ਕੋਹਾਂ ਦੂਰ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਵਿਧਾਨ ਸਭਾ ਹਲਕਾ ਚੱਬੇਵਾਲ ਦੀ ਸਿਆਸਤ ਵਿੱਚ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਆਪਣੀਆਂ ਸਿਆਸੀ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਬਹੁਜਨ ਸਮਾਜ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਅਜੇ ਤੱਕ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ। ਅਕਾਲੀ ਦਲ ਵੱਲੋਂ ਹਲਕੇ ਵਿੱਚ ਆਪਣੀ ਪੁਰਾਣੀ ਸਿਆਸੀ ਪਕੜ ਨੂੰ ਮੁੜ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਵੀ ਆਪਣੀ ਸਰਕਾਰ ਦੇ ਕੰਮਾਂ ਅਤੇ ਸੰਗਠਨਾਤਮਕ ਸਰਗਰਮੀਆਂ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣ ਵਿੱਚ ਲੱਗੀ ਹੋਈ ਹੈ। ਉੱਧਰ ਬਸਪਾ ਅਤੇ ਭਾਜਪਾ ਵੱਲੋਂ ਉਮੀਦਵਾਰਾਂ ਦਾ ਐਲਾਨ ਨਾ ਹੋਣ ਕਾਰਨ ਉਨ੍ਹਾਂ ਦੇ ਸਮਰਥਕਾਂ ਵਿੱਚ ਉਡੀਕ ਬਣੀ ਹੋਈ ਹੈ। ਆਉਣ ਵਾਲੇ ਦਿਨਾਂ ਵਿੱਚ ਚੱਬੇਵਾਲ ਦਾ ਸਿਆਸੀ ਮਾਹੌਲ ਹੋਰ ਭਖਣ ਦੀ ਸੰਭਾਵਨਾ ਹੈ। ਚੱਬੇਵਾਲ ਜ਼ਿਮਨੀ ਚੋਣ ਵਿੱਚ ਬਦਲ ਸੀ ਗਿਆ ਸਿਆਸੀ ਸਮੀਕਰਨ ਜ਼ਿਮਨੀ ਚੋਣ ਵਿੱਚ ‘ਆਪ’ ਨੇ 28,690 ਵੋਟਾਂ ਨਾਲ ਸੀ ਜਿੱਤੀ। ਹਲਕਾ ਚੱਬੇਵਾਲ ਦੀ ਸਿਆਸਤ ਵਿੱਚ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਅਤੇ 2024 ਦੀ ਜ਼ਿਮਨੀ ਚੋਣ ਦੌਰਾਨ ਵੋਟਾਂ ਦੇ ਅੰਕੜਿਆਂ ਵਿੱਚ ਵੱਡਾ ਫਰਕ ਦੇਖਣ ਨੂੰ ਮਿਲਿਆ। 2022 ਵਿੱਚ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਨੇ ਜਿੱਤ ਦਰਜ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਿੱਛੇ ਛੱਡਿਆ ਸੀ, ਉੱਥੇ ਹੀ 2024 ਦੀ ਜ਼ਿਮਨੀ ਚੋਣ ਵਿੱਚ ਉਨ੍ਹਾਂ ਦੇ ਪੁੱਤਰ ਡਾ. ਇਸ਼ਾਂਕ ਕੁਮਾਰ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜਦਿਆਂ ਵੱਡੀ ਜਿੱਤ ਹਾਸਲ ਕੀਤੀ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਦੇ ਡਾ. ਰਾਜ ਕੁਮਾਰ ਨੂੰ 47,375 ਵੋਟਾਂ ਮਿਲੀਆਂ ਸਨ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਨੂੰ 39,729 ਵੋਟਾਂ ਪ੍ਰਾਪਤ ਹੋਈਆਂ ਸਨ। ਡਾ. ਰਾਜ ਕੁਮਾਰ ਨੇ 7,646 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਚੋਣ ਵਿੱਚ ਅਕਾਲੀ ਦਲ ਦੇ ਸੋਹਣ ਸਿੰਘ ਠੰਡਲ ਨੂੰ 19,329 ਵੋਟਾਂ ਮਿਲੀਆਂ ਸਨ, ਜਦਕਿ ਭਾਜਪਾ ਦੇ ਉਮੀਦਵਾਰ ਨੂੰ 4,073 ਵੋਟਾਂ ਪ੍ਰਾਪਤ ਹੋਈਆਂ ਸਨ। 2024 ’ਚ ਬਦਲੇ ਸਿਆਸੀ ਹਾਲਾਤ ਸਿਆਸੀ ਹਾਲਾਤ ਉਸ ਸਮੇਂ ਬਦਲ ਗਏ ਜਦੋਂ ਡਾ. ਰਾਜ ਕੁਮਾਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ। ਇਸ ਕਾਰਨ ਚੱਬੇਵਾਲ ਵਿਧਾਨ ਸਭਾ ਸੀਟ ਖਾਲੀ ਹੋ ਗਈ ਅਤੇ ਨਵੰਬਰ 2024 ਵਿੱਚ ਜ਼ਿਮਨੀ ਚੋਣ ਕਰਵਾਈ ਗਈ। ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਡਾ. ਰਾਜ ਕੁਮਾਰ ਦੇ ਪੁੱਤਰ ਡਾ. ਇਸ਼ਾਂਕ ਕੁਮਾਰ ਨੂੰ 51,904 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਨੂੰ 28,690 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਕਾਂਗਰਸ ਦੇ ਰਣਜੀਤ ਕੁਮਾਰ ਨੂੰ ਸਿਰਫ਼ 23,214 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 8,692 ਵੋਟਾਂ ਪ੍ਰਾਪਤ ਹੋਈਆਂ। ਅਕਾਲੀ ਦਲ ਨੇ ਚੋਣ ਨਹੀਂ ਸੀ ਲੜੀ। ਦਲ ਬਦਲੀ ਨਾਲ ਬਦਲੇ ਵੋਟ ਸਮੀਕਰਨ ਦੋਵਾਂ ਚੋਣਾਂ ਦੇ ਅੰਕੜਿਆਂ ਦੀ ਤੁਲਨਾ ਕੀਤੀ ਜਾਵੇ ਤਾਂ ਕਾਂਗਰਸ ਦੀਆਂ ਵੋਟਾਂ 47,375 ਤੋਂ ਘਟ ਕੇ 23,214 ਰਹਿ ਗਈਆਂ, ਜਦਕਿ ਆਮ ਆਦਮੀ ਪਾਰਟੀ ਦੀਆਂ ਵੋਟਾਂ 39,729 ਤੋਂ ਵਧ ਕੇ 51,904 ਹੋ ਗਈਆਂ। ਇਸ ਤਰ੍ਹਾਂ ਕਾਂਗਰਸ ਦੀਆਂ ਵੋਟਾਂ ਵਿੱਚ 24,161 ਦੀ ਕਮੀ ਅਤੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਿੱਚ 12,175 ਦਾ ਵਾਧਾ ਦਰਜ ਹੋਇਆ।