ਮੁਕੇਰੀਆਂ ਦੀ ਸਿਆਸਤ ’ਚ ਸਥਾਈ ਜਿੱਤ ਕਿਸੇ ਪਾਰਟੀ ਦੇ ਹਿੱਸੇ ਨਹੀਂ ਮੁਕੇਰੀਆਂ ਦੀ ਸਿਆਸਤ ਵਿੱਚ ਸਥਾਈ ਜਿੱਤ ਕਿਸੇ ਪਾਰਟੀ ਦੇ ਹਿੱਸੇ ਨਹੀਂ
Publish Date: Mon, 19 Oct 2026 03:41 PM (IST)
Updated Date: Mon, 19 Oct 2026 03:42 PM (IST)
ਟਿਕਟਾਂ ਦੀ ਵੰਡ, ਬਾਗ਼ੀ ਉਮੀਦਵਾਰਾਂ ਅਤੇ ਸਥਾਨਕ ਆਗੂਆਂ ਦੀ ਪਕੜ ਬਦਲੇਗੀ ਚੋਣ ਸਮੀਕਰਨ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਮੁਕੇਰੀਆਂ ਵਿਧਾਨ ਸਭਾ ਹਲਕੇ ਦੀ ਪਿਛਲੇ ਤਿੰਨ ਦਹਾਕਿਆਂ ਦੀ ਸਿਆਸਤ ’ਤੇ ਨਜ਼ਰ ਮਾਰੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਇੱਥੇ ਕਿਸੇ ਇੱਕ ਪਾਰਟੀ ਦਾ ਲਗਾਤਾਰ ਦਬਦਬਾ ਨਹੀਂ ਰਿਹਾ। ਭਾਜਪਾ, ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਦੀਆਂ ਜਿੱਤਾਂ ਨੇ ਵਾਰ-ਵਾਰ ਸਿਆਸੀ ਸਮੀਕਰਨ ਬਦਲੇ ਹਨ। ਟਿਕਟਾਂ ਦੀ ਵੰਡ ਤੋਂ ਪੈਦਾ ਹੋਈ ਨਾਰਾਜ਼ਗੀ, ਬਾਗ਼ੀਆਂ ਦੀ ਚੋਣੀ ਤਾਕਤ ਅਤੇ ਆਗੂਆਂ ਦੇ ਨਿੱਜੀ ਵੋਟ ਬੈਂਕ ਨੇ ਇਸ ਹਲਕੇ ਦੀ ਸਿਆਸਤ ਨੂੰ ਖ਼ਾਸ ਰੂਪ ਦਿੱਤਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਬਜੋਤ ਸਿੰਘ ਸਾਬੀ ਦੀਆਂ ਦਲ ਬਦਲੀਆਂ ਅਤੇ ਨਗਰ ਕੌਂਸਲ ਵਿੱਚ ਬਦਲੇ ਸਮੀਕਰਨ ਇਸ ਰੁਝਾਨ ਨੂੰ ਮੁੜ ਚਰਚਾ ਵਿੱਚ ਲੈ ਆਏ ਹਨ। 2012: ਬਾਗ਼ੀ ਬੱਬੀ ਨੇ ਕਾਂਗਰਸ ਨੂੰ ਦਿੱਤਾ ਝਟਕਾ 2012 ਵਿੱਚ ਕਾਂਗਰਸ ਦੀ ਟਿਕਟ ਨਾ ਮਿਲਣ ’ਤੇ ਰਜਨੀਸ਼ ਕੁਮਾਰ ਬੱਬੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰੇ। ਉਨ੍ਹਾਂ 53951 ਵੋਟਾਂ ਹਾਸਲ ਕਰਕੇ ਭਾਜਪਾ ਦੇ ਅਰੁਨੇਸ਼ ਸ਼ਾਕਰ ਨੂੰ 12119 ਵੋਟਾਂ ਨਾਲ ਹਰਾਇਆ, ਜਦਕਿ ਕਾਂਗਰਸ ਦੇ ਅਜੀਤ ਨਾਰੰਗ ਨੂੰ 13524 ਵੋਟਾਂ ਮਿਲੀਆਂ। ਇਹ ਨਤੀਜਾ ਪਾਰਟੀ ਦੇ ਅਧਿਕਾਰਤ ਉਮੀਦਵਾਰ ਨਾਲੋਂ ਸਥਾਨਕ ਆਗੂ ਦੀ ਨਿੱਜੀ ਪਕੜ ਵਧੇਰੇ ਪ੍ਰਭਾਵਸ਼ਾਲੀ ਹੋਣ ਦੀ ਮਿਸਾਲ ਬਣਿਆ। ਬਾਅਦ ਵਿੱਚ ਬੱਬੀ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ 2017 ਵਿੱਚ ਪਾਰਟੀ ਦੀ ਟਿਕਟ ’ਤੇ ਜਿੱਤੇ। 2017 ਤੋਂ 2022: ਭਾਜਪਾ ਦੀ ਬਗ਼ਾਵਤ, ਕਾਂਗਰਸ ਦੀ ਜਿੱਤ ਅਤੇ ਮੁੜ ਵਾਪਸੀ 2017 ਵਿੱਚ ਬੱਬੀ ਨੂੰ 56787 ਵੋਟਾਂ ਮਿਲੀਆਂ। ਭਾਜਪਾ ਦੇ ਅਰੁਨੇਸ਼ ਸ਼ਾਕਰ ਨੂੰ 33661, ਜਦਕਿ ਟਿਕਟ ਨਾ ਮਿਲਣ ਕਾਰਨ ਆਜ਼ਾਦ ਲੜੇ ਜੰਗੀ ਲਾਲ ਮਹਾਜਨ ਨੂੰ 20542 ਵੋਟਾਂ ਪਈਆਂ। ਮਹਾਜਨ ਦੀ ਬਗਾਵਤ ਨੇ ਭਾਜਪਾ ਦੇ ਵੋਟ ਆਧਾਰ ਵਿੱਚ ਵੰਡ ਪਾਈ। 2019 ਦੀ ਜ਼ਿਮਨੀ ਚੋਣ ਵਿੱਚ ਭਾਜਪਾ ਨੇ ਮਹਾਜਨ ’ਤੇ ਮੁੜ ਭਰੋਸਾ ਜਤਾਇਆ, ਪਰ ਬੱਬੀ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਦੀ ਉਮੀਦਵਾਰ ਬਣੀ ਬੀਬੀ ਇੰਦੂ ਬਾਲਾ ਨੇ 53910 ਵੋਟਾਂ ਲੈ ਕੇ ਮਹਾਜਨ ਨੂੰ 3,440 ਵੋਟਾਂ ਨਾਲ ਹਰਾਇਆ। 2022 ਵਿੱਚ ਮਹਾਜਨ ਨੇ 41044 ਵੋਟਾਂ ਨਾਲ ਭਾਜਪਾ ਨੂੰ ਮੁੜ ਜਿੱਤ ਦਿਵਾਈ। ‘ਆਪ’ ਦੇ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਨੂੰ 38353 ਅਤੇ ਬੀਬੀ ਇੰਦੂ ਬਾਲਾ ਨੂੰ 28989 ਵੋਟਾਂ ਮਿਲੀਆਂ। ਸਿਰਫ਼ 2691 ਵੋਟਾਂ ਦਾ ਜਿੱਤ-ਫ਼ਰਕ ਦਰਸਾਉਂਦਾ ਹੈ ਕਿ ਬਹੁਕੋਣੀ ਮੁਕਾਬਲੇ ਵਿੱਚ ਵੋਟਾਂ ਦੀ ਵੰਡ ਨਤੀਜਾ ਤੈਅ ਕਰ ਸਕਦੀ ਹੈ। 2025–26: ਸਾਬੀ ਦੀਆਂ ਦਲ ਬਦਲੀਆਂ ਨਾਲ ਨਵੇਂ ਸਮੀਕਰਨ ਮੁਕੇਰੀਆਂ ਦੀ ਸਿਆਸਤ ਵਿੱਚ ਸਰਬਜੋਤ ਸਿੰਘ ਸਾਬੀ ਦਾ ਸਿਆਸੀ ਸਫ਼ਰ ਦਲ ਬਦਲੀ ਦੇ ਬਦਲਦੇ ਸਮੀਕਰਨਾਂ ਦੀ ਇੱਕ ਅਹਿਮ ਮਿਸਾਲ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਬੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜੀ ਸੀ। ਬਾਅਦ 16 ਜੂਨ 2025 ਨੂੰ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪਰ ਸਾਬੀ ਦਾ ਕਾਂਗਰਸ ਨਾਲ ਸਿਆਸੀ ਸਫ਼ਰ ਵੀ ਲੰਮਾ ਨਹੀਂ ਰਿਹਾ। 1 ਜੁਲਾਈ 2026 ਨੂੰ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਤਰ੍ਹਾਂ ਲਗਭਗ ਡੇਢ ਸਾਲ ਦੇ ਅੰਦਰ ਉਨ੍ਹਾਂ ਦਾ ਸਿਆਸੀ ਸਫ਼ਰ ਅਕਾਲੀ ਦਲ ਤੋਂ ਕਾਂਗਰਸ ਅਤੇ ਫਿਰ ‘ਆਪ’ ਤੱਕ ਪਹੁੰਚ ਗਿਆ। ਇਸ ਦਲ ਬਦਲੀ ਦਾ ਇੱਕ ਠੋਸ ਸਥਾਨਕ ਪ੍ਰਭਾਵ ਅਗਸਤ 2026 ਵਿੱਚ ਮੁਕੇਰੀਆਂ ਨਗਰ ਕੌਂਸਲ ਦੀ ਸਿਆਸਤ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ‘ਆਪ’ ਨੂੰ ਸਿਰਫ਼ ਇੱਕ ਸੀਟ ਮਿਲੀ ਸੀ, ਪਰ ਬਾਅਦ ਵਿੱਚ ਦੋ ਕਾਂਗਰਸੀ ਕੌਂਸਲਰਾਂ ਅਤੇ ਇੱਕ ਹੋਰ ਕੌਂਸਲਰ ਦੇ ਪਾਰਟੀ ਨਾਲ ਜੁੜਨ, ਆਜ਼ਾਦ ਕੌਂਸਲਰ ਦੇ ਸਮਰਥਨ ਅਤੇ ਭਾਜਪਾ ਦੇ ਦੋ ਕੌਂਸਲਰਾਂ ਦੇ ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀਆਂ ਚੋਣਾਂ ਜਿੱਤ ਲਈਆਂ। ਸਾਬੀ ਦੀ ‘ਆਪ’ ਵਿੱਚ ਸ਼ਮੂਲੀਅਤ ਵੀ ਇਸੇ ਸਿਆਸੀ ਪੁਨਰਗਠਨ ਦਾ ਹਿੱਸਾ ਸੀ। ਬਾਕਸ 2027 ਦੀ ਚੁਣੌਤੀ: ਨਿੱਜੀ ਪ੍ਰਭਾਵ ਜਾਂ ਪਾਰਟੀ ਦਾ ਆਧਾਰ? ਮੁਕੇਰੀਆਂ ਦਾ ਚੋਣ ਇਤਿਹਾਸ ਗਵਾਹ ਹੈ ਕਿ ਇੱਥੇ ਸਿਰਫ਼ ਪਾਰਟੀ ਦੇ ਚੋਣ ਨਿਸ਼ਾਨ ਦੇ ਸਹਾਰੇ ਜਿੱਤ ਹਾਸਲ ਨਹੀਂ ਕੀਤੀ ਜਾ ਸਕਦੀ। ਸਥਾਨਕ ਆਗੂਆਂ ਦੀ ਨਿੱਜੀ ਪਕੜ, ਲੋਕਾਂ ਵਿੱਚ ਭਰੋਸੇਯੋਗਤਾ, ਟਿਕਟਾਂ ਦੀ ਵੰਡ ਅਤੇ ਬਾਗ਼ੀ ਉਮੀਦਵਾਰਾਂ ਦੀ ਭੂਮਿਕਾ ਚੋਣ ਨਤੀਜਿਆਂ ਦਾ ਰੁਖ਼ ਬਦਲਦੀ ਰਹੀ ਹੈ। ਮੌਜੂਦਾ ਸਿਆਸੀ ਹਾਲਾਤ ਦੇ ਮੱਦੇਨਜ਼ਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਕੇਰੀਆਂ ਸੀਟ ’ਤੇ ਮੁਕਾਬਲਾ ਦਿਲਚਸਪ ਹੋਣ ਦੇ ਆਸਾਰ ਹਨ।