- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੜਸ਼ੰਕਰ ਹਲਕੇ ਵਿੱਚ 'ਇੱਕ ਅਨਾਰ ਸੌ ਬਿਮਾਰ' ਵਾਲੀ ਸਥਿਤੀ ਵਿੱਚ ਕਾਂਗਰਸ ਪਾਰਟੀ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜਸ਼ੰਕਰ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਸਤਕ ਦਿੰਦੀਆਂ ਨਜ਼ਰ ਆ ਰਹੀਆਂ ਹਨ। ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਵੱਲੋਂ ਟਿਕਟ ਹਾਸਿਲ ਕਰਨ ਲਈ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਹਲਕੇ ਵਿੱਚ ਗਤੀਵਿਧੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਜਿਵੇਂ ਪੰਜਾਬ ਦੇ ਮੁੱਖ ਮੰਤਰੀ ਬਣਨ ਲਈ ਕਾਂਗਰਸ ਪਾਰਟੀ ਵਿੱਚ ਅਨੇਕਾਂ ਉਮੀਦਵਾਰ ਹਨ ਉਸੇ ਹੀ ਤਰਜ ’ਤੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਨ ਵਾਲੇ ਅਨੇਕਾਂ ਉਮੀਦਵਾਰ ਸਰਗਰਮ ਹਨ ਜਿਸ ਕਾਰਨ ਹਲਕੇ ਵਿੱਚ ਪਾਰਟੀ ਦੀ ਸਥਿਤੀ ਇੱਕ ਅਨਾਰ ਸੌ ਬਿਮਾਰ ਵਾਲੀ ਬਣੀ ਹੋਈ ਹੈ।
ਅਮਰਪ੍ਰੀਤ ਸਿੰਘ ਲਾਲੀ ਹਨ ਮਜਬੂਤ ਉਮੀਦਵਾਰ
ਕਾਂਗਰਸ ਪਾਰਟੀ ਦੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰ ਅਮਰਪ੍ਰੀਤ ਸਿੰਘ ਲਾਲੀ ਦੀ ਉਮੀਦਵਾਰੀ ਕਾਫੀ ਮਜਬੂਤ ਨਜ਼ਰ ਆਉਂਦੀ ਹੈ ਕਿਉਂਕਿ ਉਨਾਂ ਦੀ ਕਾਂਗਰਸ ਹਾਈ ਕਮਾਨ ਨਾਲ ਨੇੜਤਾ ਅਤੇ ਪਾਰਟੀ ਸੰਗਠਨ ਵਿੱਚ ਉੱਚ ਅਹੁਦਿਆਂ 'ਤੇ ਰਹਿਣਾ ਉਨਾਂ ਲਈ ਟਿਕਟ ਹਾਸਲ ਕਰਨ ਵਿੱਚ ਸਹਾਈ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ 2022 ਦੀਆਂ ਚੋਣਾਂ ਵਿੱਚ ਲਾਲੀ ਮਹਿਜ ਕਰੀਬ 4200 ਵੋਟਾਂ ਦੇ ਫਰਕ ਨਾਲ ਚੋਣ ਹਾਰੇ ਸਨ ਜਦਕਿ ਪੰਜਾਬ ਦੇ ਬਾਕੀ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣੇ ਵਿਰੋਧੀ ਤੋਂ ਵੱਡੇ ਅੰਤਰ ਨਾਲ ਜਿੱਤੇ ਸਨ।
ਦੋ ਵਾਰ ਵਿਧਾਇਕ ਰਹੇ ਹਨ ਲਵ ਕੁਮਾਰ ਗੋਲਡੀ
ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵੀ ਇਸ ਹਲਕੇ ਤੋਂ ਆਪਣੀ ਉਮੀਦਵਾਰੀ ਜਤਾ ਰਹੇ ਹਨ। ਦੋ ਵਾਰ ਉਨ੍ਹਾਂ ਦੇ ਪਿਤਾ ਦਾ ਵਿਧਾਇਕ ਬਣਨਾ, ਦੋ ਵਾਰ ਖੁਦ ਵਿਧਾਇਕ ਰਹਿਣਾ ਅਤੇ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਨਾਲ ਉਨਾਂ ਦੀ ਰਿਸ਼ਤੇਦਾਰੀ ਉਨਾਂ ਲਈ ਟਿਕਟ ਮਿਲਣ ਵਿੱਚ ਸਹਾਇਤਾ ਕਰ ਸਕਦੀ ਹੈ ਪਰ 2022 ਵਿੱਚ ਇਹ ਪੰਜ ਕਾਰਕ ਉਨਾਂ ਨੂੰ ਟਿਕਟ ਨਹੀਂ ਦਿਵਾ ਸਕੇ। ਇਸ ਲਈ ਉਹ ਕੋਈ ਛੇਵਾਂ ਅਸਤਰ ਵਰਤਦੇ ਹਨ ਅਤੇ ਟਿਕਟ ਲੈ ਜਾਂਦੇ ਹਨ ਇਹ ਵੇਖਣ ਵਾਲੀ ਗੱਲ ਹੋਵੇਗੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰ ਦੇ ਵਿਰੋਧ ਕਰਨ, 2024 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਸੀਨੀਅਰ ਪਾਰਟੀ ਆਗੂ ਅਤੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਵਿਰੋਧ ਵਿੱਚ ਵੋਟਾਂ ਪਵਾਉਣ ਦੇ ਕਥਿਤ ਦੋਸ਼ ਵੀ ਉਨਾਂ ਦੇ ਰਾਹ ਵਿੱਚ ਰੋੜਾ ਬਣ ਸਕਦੇ ਹਨ। ਇਸ ਤੋਂ ਇਲਾਵਾ ਸਥਾਨਕ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਵੀ ਉਨਾਂ ਨੂੰ ਪਾਰਟੀ ਟਿਕਟ ਤੋਂ ਵਾਂਝਾ ਕਰ ਸਕਦਾ ਹੈ।
ਗੁਰਤੇਜ ਸਿੰਘ ਪੰਨੂ ਟਿਕਟ ਲੈਣ ਲਈ ਸਰਗਰਮ
ਕਾਂਗਰਸ ਪਾਰਟੀ ਤੋਂ ਨੌਜਵਾਨ ਆਗੂ ਗੁਰਤੇਜ ਸਿੰਘ ਪੰਨੂ ਵੀ ਗੜਸ਼ੰਕਰ ਹਲਕੇ ਵਿੱਚ ਪਿਛਲੇ ਕੁਝ ਸਮੇਂ ਤੋਂ ਸਰਗਰਮ ਦਿਖਾਈ ਦਿੰਦੇ ਹਨ। ਉਨ੍ਹਾਂ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਮਾਈਨਿੰਗ ਮਾਫੀਆ, ਨਸ਼ਾ ਵੇਚਣ ਵਾਲਿਆਂ ਦੇ ਕੀਤੇ ਸਟਿੰਗ ਕਾਰਨ ਉਹ ਚਰਚਾ ਵਿੱਚ ਹਨ। ਬੇਸ਼ੱਕ ਵਿਰੋਧੀਆਂ ਵੱਲੋਂ ਉਨ੍ਹਾਂ 'ਤੇ ਹਲਕੇ ਤੋਂ ਬਾਹਰੀ ਉਮੀਦਵਾਰ ਹੋਣ ਦੇ ਦੋਸ਼ ਲਗਾਏ ਜਾਂਦੇ ਹਨ ਪਰ ਉਹ ਵੀ ਕਾਂਗਰਸ ਪਾਰਟੀ ਦੀ ਟਿਕਟ ਲੈਣ ਲਈ ਸਰਗਰਮ ਹਨ।
ਤਿੰਨ ਦਹਾਕੇ ਤੋਂ ਟਿਕਟ ਲਈ ਆਸਵੰਦ ਪੰਕਜ ਕਿਰਪਾਲ
ਪਿਛਲੇ ਤਿੰਨ ਦਹਾਕੇ ਤੋਂ ਗੜਸ਼ੰਕਰ ਹਲਕੇ ਵਿੱਚ ਸਰਗਰਮ ਸਥਾਨਕ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪੰਕਜ ਕਿਰਪਾਲ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਲਈ ਆਸਵੰਦ ਹਨ ਪਰ ਅਜੇ ਤੱਕ ਉਨਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਉਨਾਂ ਖਿਲਾਫ ਵੀ ਚੋਣਾਂ ਵਿੱਚ ਅਕਸਰ ਪਾਰਟੀ ਉਮੀਦਵਾਰ ਦਾ ਵਿਰੋਧ ਕਰਨ ਦੇ ਕਥਿਤ ਦੋਸ਼ ਲੱਗਦੇ ਹਨ। ਜੇਕਰ ਉਨਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਪਤਨੀ ਵੱਲੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਕੌਂਸਲਰ ਦੀ ਚੋਣ ਲੜ ਕੇ ਜੇਤੂ ਹੋਣ ਕਾਰਨ ਸ਼ਾਇਦ ਉਹ ਇਸ ਵਾਰ ਪਾਰਟੀ ਦਾ ਵਿਰੋਧ ਨਾ ਕਰਨ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਤੁਰ ਪੈਣ।
ਬੇਸ਼ੱਕ ਕਾਂਗਰਸ ਪਾਰਟੀ ਦੇ ਅਨੇਕਾਂ ਉਮੀਦਵਾਰ ਗੜਸ਼ੰਕਰ ਹਲਕੇ ਵਿੱਚ ਸਰਗਰਮ ਹਨ ਪਰ ਪਾਰਟੀ ਵੱਲੋਂ ਟਿਕਟ ਇੱਕ ਹੀ ਉਮੀਦਵਾਰ ਨੂੰ ਦਿੱਤੀ ਜਾਣੀ ਹੈ ਜਿਸ ਕਾਰਨ ਉਮੀਦਵਾਰ ਦਾ ਬਾਕੀ ਸੰਭਾਵੀ ਉਮੀਦਵਾਰਾਂ ਵੱਲੋਂ ਵਿਰੋਧ ਕਰਨਾ ਸੁਭਾਵਿਕ ਹੈ। ਇਸ ਲਈ ਕਾਂਗਰਸ ਹਾਈ ਕਮਾਨ ਜੇਕਰ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਅੰਬਿਕਾ ਸੋਨੀ ਨੂੰ ਮੈਦਾਨ ਵਿੱਚ ਉਤਾਰ ਦੇਵੇ ਤਾਂ ਸਾਰੇ ਇੱਕ ਹੀ ਪਲੇਟਫਾਰਮ ’ਤੇ ਇਕੱਠੇ ਹੋ ਕੇ ਉਨ੍ਹਾਂ ਦਾ ਸਮਰਥਨ ਕਰਨਗੇ ਕਿਉਂਕਿ ਸਾਰੇ ਸੰਭਾਵੀ ਉਮੀਦਵਾਰ ਅੰਬਿਕਾ ਸੋਨੀ ਦੇ ਅਤਿ ਨਜਦੀਕੀ ਹਨ।