- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਨਾਂ ਸਹਿਮਤੀ ਫੋਟੋ ਵਰਤਣ ’ਤੇ ਠਾਕੁਰ ਦਿਆਲ ਸਿੰਘ ਅਤੇ ਪਰਿਵਾਰ ਨੇ ਪ੍ਰਗਟਾਇਆ ਇਤਰਾਜ਼

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ
ਮੁਕੇਰੀਆਂ : ਆਮ ਆਦਮੀ ਪਾਰਟੀ ਦੇ ਮੁਕੇਰੀਆਂ ਤੋਂ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਵੱਲੋਂ ਹਲਕੇ ਦੇ ਬਜ਼ੁਰਗ ਕਿਸਾਨ ਆਗੂ ਠਾਕੁਰ ਦਿਆਲ ਸਿੰਘ ਦੀ ਫੋਟੋ ਸੋਸ਼ਲ ਮੀਡੀਆ ਪੋਸਟ ਵਿੱਚ ਵਰਤਣ ਮਗਰੋਂ ਠਾਕੁਰ ਦਿਆਲ ਸਿੰਘ ਅਤੇ ਪਰਿਵਾਰ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਹੈ ਕਿ ਉਨ੍ਹਾਂ ਦਾ ਪਰਿਵਾਰ ਹੁਣ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਨਹੀਂ ਹੈ, ਇਸ ਲਈ ਉਨ੍ਹਾਂ ਦੀ ਤਸਵੀਰ ਵਰਤਣਾ ਜਾਇਜ਼ ਨਹੀਂ ਹੈ। ਪਰਿਵਾਰ ਨੇ ਹਲਕਾ ਇੰਚਾਰਜ ਤੋਂ ਜਨਤਕ ਤੌਰ ਉੱਤੇ ਮੁਆਫ਼ੀ ਮੰਗਣ ਅਤੇ ਪੋਸਟਾਂ ਵਿੱਚੋਂ ਫੋਟੋ ਹਟਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਠਾਕੁਰ ਦਿਆਲ ਸਿੰਘ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਗੰਨਾ ਕਿਸਾਨਾਂ ਦੇ ਗੰਨੇ ਦੇ ਭਾਅ ਵਿੱਚ ਵਾਧੇ ਦੀ ਮੰਗ ਲਈ ਲੰਬੀ ਭੁੱਖ ਹੜਤਾਲ ਵੀ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਤਸਵੀਰ ਦੀ ਵਰਤੋਂ ਕਰਕੇ ਲੋਕਾਂ ਵਿੱਚ ਗਲਤ ਪ੍ਰਭਾਵ ਪੈਦਾ ਹੋ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਰਤੀ ਜਾ ਰਹੀ ਤਸਵੀਰ ਉਨ੍ਹਾਂ ਨੇ ਹਲਕਾ ਇੰਚਾਰਜ ਨਾਲ ਖਿਚਵਾਈ ਹੀ ਨਹੀਂ। ਠਾਕੁਰ ਦਿਆਲ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ ਤਸਵੀਰ ਨਾ ਹਟਾਈ ਗਈ ਅਤੇ ਮੁਆਫ਼ੀ ਨਾ ਮੰਗੀ ਗਈ ਤਾਂ ਪਰਿਵਾਰ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ।
ਜ਼ਿਕਰਯੋਗ ਹੈ ਕਿ ਠਾਕੁਰ ਦਿਆਲ ਸਿੰਘ ਦੇ ਪੁੱਤਰ ਸੁਲੱਖਣ ਸਿੰਘ ਜੱਗੀ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਰਹਿ ਚੁੱਕੇ ਹਨ ਅਤੇ ਪਾਰਟੀ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ। ਬੀਤੇ ਦਿਨੀਂ ਪਾਰਟੀ ਨੇ ਉਨ੍ਹਾਂ ਨੂੰ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਤਹਿਤ ਬਰਖਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਪਰਿਵਾਰ ਅਨੁਸਾਰ ਉਨ੍ਹਾਂ ਨੇ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ ਬਣਾ ਲਈ ਹੈ। ਇਸ ਮਾਮਲੇ ’ਤੇ ਸਰਬਜੋਤ ਸਿੰਘ ਸਾਬੀ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਠਾਕੁਰ ਦਿਆਲ ਸਿੰਘ ਦੀ ਫੋਟੋ ਜਾਣ-ਬੁੱਝ ਕੇ ਨਹੀਂ ਵਰਤੀ ਗਈ ਅਤੇ ਜੇ ਪਰਿਵਾਰ ਨੂੰ ਇਤਰਾਜ਼ ਹੈ ਤਾਂ ਫੋਟੋ ਨੂੰ ਸਬੰਧਤ ਪੋਸਟਾਂ ਵਿੱਚੋਂ ਹਟਾਉਣ ਲਈ ਮੀਡੀਆ ਟੀਮ ਨੂੰ ਦੱਸ ਦਿੱਤਾ ਜਾਵੇਗਾ।