ਚੱਬੇਵਾਲ ਤੇ ਗੜ੍ਹਸ਼ੰਕਰ ’ਚ ‘ਆਪ’ ਨੂੰ ਲੱਗਣਗੇ ਵੱਡੇ ਸਿਆਸੀ ਝਟਕੇ ਚੱਬੇਵਾਲ ਤੇ ਗੜ੍ਹਸ਼ੰਕਰ ’ਚ ‘ਆਪ’ ਨੂੰ ਲੱਗਣਗੇ ਵੱਡੇ ਸਿਆਸੀ ਝਟਕੇ
Publish Date: Sat, 28 Nov 2026 04:06 PM (IST)
Updated Date: Sat, 28 Nov 2026 04:07 PM (IST)
ਪਾਰਟੀ ਨੂੰ ਅਲਵਿਦਾ ਕਹਿਣ ਦੀ ਤਿਆਰੀ ’ਚ ਕਈ ਵਰਕਰ, ਅੰਦਰਖਾਤੇ ਮੀਟਿੰਗਾਂ ਦਾ ਦੌਰ ਸ਼ੁਰੂ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਚੱਬੇਵਾਲ ਅਤੇ ਗੜ੍ਹਸ਼ੰਕਰ ਦੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੀ ਅੰਦਰੂਨੀ ਸਿਆਸਤ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਵੱਡੀ ਉਥਲ ਪੁਥਲ ਹੋਣ ਜਾ ਰਹੀ ਹੈ।। ਪਾਰਟੀ ਦੇ ਕੁਝ ਟਕਸਾਲੀ ਅਤੇ ਪੁਰਾਣੇ ਵਰਕਰਾਂ ਵੱਲੋਂ ਮੌਜੂਦਾ ਸਿਆਸੀ ਹਾਲਾਤਾਂ ਅਤੇ ਆਪਣੇ-ਆਪਣੇ ਹਲਕਿਆਂ ਦੇ ਵਿਧਾਇਕਾਂ ਦੀ ਕਾਰਗੁਜ਼ਾਰੀ ਪ੍ਰਤੀ ਕੀਤੀ ਜਾ ਰਹੀ ਨਾਰਾਜ਼ਗੀ ਕਾਰਨ ਅਸਤੀਫਿਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਾ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਜੇਕਰ ਇਹ ਨਾਰਾਜ਼ਗੀ ਇਸੇ ਤਰ੍ਹਾਂ ਬਰਕਰਾਰ ਰਹੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਦੋਵਾਂ ਹਲਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਵਰਕਰ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ। ਅੰਦਰਖ਼ਾਤੇ ਮੀਟਿੰਗਾਂ ਪਾਰਟੀ ਅੰਦਰ ਪੈਦਾ ਹੋ ਰਹੀ ਇਸ ਬੇਚੈਨੀ ਦਰਮਿਆਨ ਨਾਰਾਜ਼ ਵਰਕਰਾਂ ਵੱਲੋਂ ਅੰਦਰਖਾਤੇ ਮੀਟਿੰਗਾਂ ਕਰਨ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਜਿਸ ਦੀ ਸ਼ੁਰੂਆਤ ਸਭ ਤੋਂ ਪੁਰਾਣੇ ਆਗੂ ਬਿੱਲਾ ਖ਼ੜੌਦੀ ਵਲੋਂ ਪਾਰਟੀ ਛੱਡਣ ਸਬੰਧੀ ਰਸਮੀ ਐਲਾਨ ਵੀ ਕਰ ਦਿੱਤਾ ਹੈ। ਪਰ ਵਰਕਰਾਂ ਦੀ ਨਾਰਾਜ਼ਗੀ ਨੂੰ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਇੱਕ ਸਿਆਸੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹਾਂ ਦੋਹਾਂ ਹਲਕਿਆਂ ਵਿਚ ਪਾਰਟੀ ਦੀ ਸ਼ੁਰੂਆਤ ਤੋਂ ਜੁੜੇ ਵਰਕਰਾਂ ਵਲੋਂ ਆਪਣੇ ਨਾਲ ਰਹੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਚੋਣ ਜਾਬਤਾ ਲੱਗਣ ਸਮੇਂ ਵੱਡਾ ਧਮਾਕਾ ਕੀਤਾ ਜਾਵੇਗਾ। ਨਾਜਾਇਜ਼ ਪਰਚੇ ਅਤੇ ਵਰਕਰਾਂ ਦੀ ਅਣਦੇਖ਼ੀ ਬਿੱਲਾਂ ਖ਼ੜੌਦੀ ਨੇ ਨਾਰਾਜ਼ਗੀ ਦੇ ਕਾਰਨਾਂ ਵਿੱਚ ਕਥਿਤ ਝੂਠੇ ਪੁਲਿਸ ਪਰਚੇ ਦਰਜ ਹੋਣ, ਪੁਰਾਣੇ ਵਰਕਰਾਂ ਦੀ ਅਣਦੇਖੀ, ਰਿਸ਼ਵਤਖੋਰੀ ਦੇ ਦੋਸ਼ ਅਤੇ ਦੂਜੀਆਂ ਪਾਰਟੀਆਂ ਵਿੱਚੋਂ ਆਏ ਆਗੂਆਂ ਨੂੰ ਵਧੇਰੇ ਤਰਜੀਹ ਮਿਲਣ ਵਰਗੇ ਮੁੱਦੇ ਸ਼ਾਮਲ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਪਾਰਟੀ ਦੇ ਮੁੱਢਲੇ ਦੌਰ ਵਿੱਚ ਧਰਨਿਆਂ, ਪ੍ਰਦਰਸ਼ਨਾਂ ਅਤੇ ਸੰਘਰਸ਼ਾਂ ਰਾਹੀਂ ਪਾਰਟੀ ਨੂੰ ਪਿੰਡ-ਪਿੰਡ ਪਹੁੰਚਾਉਣ ਲਈ ਮਿਹਨਤ ਕੀਤੀ, ਅੱਜ ਉਨ੍ਹਾਂ ਨੂੰ ਹੀ ਬਣਦਾ ਮਾਣ-ਸਤਿਕਾਰ ਨਹੀਂ ਮਿਲ ਰਿਹਾ। ਲਾਈਵ ਹੋ ਕੇ ਕੀਤੀ ਗੱਲ ਇਸ ਮਾਮਲੇ ਨੂੰ ਹੋਰ ਚਰਚਾ ਵਿੱਚ ਲਿਆਉਂਦਿਆਂ ਟਕਸਾਲੀ ਵਰਕਰ ਬਿੱਲਾ ਖੜੌਦੀ ਵੱਲੋਂ ਲਾਈਵ ਹੋ ਕੇ ਪਾਰਟੀ ਦੇ ਅੰਦਰੂਨੀ ਹਾਲਾਤਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਗਈ। ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ 2012 ਵਿੱਚ ਪਾਰਟੀ ਨਾਲ ਜੁੜਨ ਵਾਲਿਆਂ ਵਿੱਚੋਂ ਨਹੀਂ, ਸਗੋਂ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਸਮੇਂ ਤੋਂ ਹੀ ਇਸ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਉਨ੍ਹਾਂ ਮੁਤਾਬਕ ਹੁਸ਼ਿਆਰਪੁਰ ਦੇ ਨਵੀਨ ਜੈਰਥ, ਜਸਵੰਤ ਸਿੰਘ ਮਠਾਰੂ ਅਤੇ ਉਹ ਖੁਦ ਪਾਰਟੀ ਦੇ ਮੁੱਢਲੇ ਸੰਘਰਸ਼ਾਂ ਵਿੱਚ ਸਰਗਰਮ ਰਹੇ ਹਨ। ਉਨ੍ਹਾਂ ਦੀਆਂ ਗੱਲਾਂ ਨੇ ਪਾਰਟੀ ਦੇ ਪੁਰਾਣੇ ਅਤੇ ਨਵੇਂ ਵਰਕਰਾਂ ਵਿਚਕਾਰ ਚੱਲ ਰਹੇ ਕਥਿਤ ਮਤਭੇਦਾਂ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਲਈ ਉਸ ਦਾ ਜ਼ਮੀਨੀ ਕੇਡਰ ਬੇਹੱਦ ਅਹਿਮ ਹੁੰਦਾ ਹੈ। ਚੋਣਾਂ ਦੌਰਾਨ ਇਹੀ ਵਰਕਰ ਘਰ-ਘਰ ਜਾ ਕੇ ਪਾਰਟੀ ਦਾ ਪ੍ਰਚਾਰ ਕਰਦੇ ਹਨ ਅਤੇ ਵੋਟਰਾਂ ਨਾਲ ਸਿੱਧਾ ਸੰਪਰਕ ਬਣਾਉਂਦੇ ਹਨ ਜਦਕਿ ਸੱਤਾ ਵਿਚ ਆਉਣ ਤੋ ਬਾਅਦ ਅਸਲਪਾਰਟੀ ਵਰਕਰਾਂ ਨੂੰ ਖ਼ੂੰਜੇ ਲਗਾ ਦਿੱਤਾ ਗਿਆ। ਮਨਾਉਣ ਦੀਆਂ ਅੰਦਰਖ਼ਾਤੇ ਕੋਸ਼ਿਸ਼ਾਂ ਪੰਜਾਬੀ ਜਾਗਰਣ ਦੀ ਪੜਤਾਲ ਅਨੁਸਾਰ ਚੱਬੇਵਾਲ ਅਤੇ ਗੜ੍ਹਸ਼ੰਕਰ ਦੋਵਾਂ ਹਲਕਿਆਂ ਵਿੱਚ ਪਾਰਟੀ ਦੀ ਜਥੇਬੰਦਕ ਸਥਿਤੀ ਨੂੰ ਲੈ ਕੇ ਆਉਣ ਵਾਲਾ ਸਮਾਂ ਅਹਿਮ ਰਹਿਣ ਵਾਲਾ ਹੈ। ਪਾਰਟੀ ਦੀ ਲੀਡਰਸ਼ਿਪ ਨਾਰਾਜ਼ ਵਰਕਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇਗੀ ਜਾਂ ਫਿਰ ਇਹ ਨਾਰਾਜ਼ਗੀ ਪਾਰਟੀ ਛੱਡਣ ਦੇ ਫ਼ੈਸਲੇ ਤੱਕ ਪਹੁੰਚੇਗੀ ਇਹ ਸਮੇਂ ਦੀ ਗੋਦ ਵਿਚ ਹੈ। ਫਿਲਹਾਲ ਇਹ ਸਪੱਸ਼ਟ ਹੈ ਕਿ ਬਿੱਲਾ ਖੜੌਦੀ ਦੇ ਲਾਈਵ ਬਿਆਨ ਨੇ ਪਾਰਟੀ ਦੇ ਅੰਦਰੂਨੀ ਮਸਲਿਆਂ ਨੂੰ ਜਨਤਕ ਬਹਿਸ ਦਾ ਵਿਸ਼ਾ ਬਣਾ ਦਿੱਤਾ ਹੈ। ਹਾਲਾਂਕਿ ਪਾਰਟੀ ਦੇ ਸਬੰਧਤ ਵਿਧਾਇਕਾਂ ਅਤੇ ਜ਼ਿਲ੍ਹਾ ਲੀਡਰਸ਼ਿਪ ਦਾ ਪੱਖ ਵੀ ਇਸ ਮਾਮਲੇ ਵਿੱਚ ਸਾਹਮਣੇ ਆਉਣਾ ਬਾਕੀ ਹੈ ਪਰੰਤੂ ਉਨ੍ਹਾਂ ਵਲੋਂ ਚੋਣਾ ਨਜ਼ਦੀਕ ਹੋਣ ਕਾਰਨ ਵਿਚੋਲਿਆਂ ਰਾਂਹੀ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।