ਪਾਣੀ ਦੀ ਬੂੰਦ-ਬੂੰਦ ਅਨਮੋਲ ਹੈ, ਇਸ ਨੂੰ ਬਰਬਾਦ ਨਾ ਕਰੋ : ਸੰਤ ਸੀਚੇਵਾਲ ਪਾਣੀ ਦੀ ਬੂੰਦ ਬੂੰਦ ਅਨਮੋਲ ਹੈ , ਇਸ ਨੂੰ ਬਰਬਾਦ ਨਾ ਕਰੋ " ਸੰਤ ਸੀਚੇਵਾਲ "
Publish Date: Wed, 07 Oct 2026 04:17 PM (IST)
Updated Date: Wed, 07 Oct 2026 04:20 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਬੀਤੀ ਰਾਤ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਦੇ ਨਿਵਾਸ ਸਥਾਨ ’ਤੇ ਪਹੁੰਚੇ। ਇਸ ਮੌਕੇ ਵਿਧਾਇਕ ਰਾਜਾ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸੰਤ ਸੀਚੇਵਾਲ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਤ ਸੀਚੇਵਾਲ ਨੇ ਪੰਜਾਬ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਪਰਾਲੀ ਸਾੜਨ ਕਾਰਨ ਵਾਤਾਵਰਣ ਨੂੰ ਹੋ ਰਹੇ ਨੁਕਸਾਨ ’ਤੇ ਚਿੰਤਾ ਕਰਦਿਆਂ ਕਿਹਾ ਕਿ ਪਾਣੀ ਦੀ ਬੂੰਦ-ਬੂੰਦ ਅਨਮੋਲ ਹੈ, ਇਸ ਲਈ ਪਾਣੀ ਦੀ ਵਰਤੋਂ ਲੋੜ ਅਨੁਸਾਰ ਹੀ ਕੀਤੀ ਜਾਵੇ। ਸੀਚੇਵਾਲ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਖੇਤਾਂ ਵਿੱਚ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਕਾਰਨ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਪਾਣੀ ਦੀ ਬੱਚਤ ਵਾਲੀਆਂ ਖੇਤੀ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ। ਸੰਤ ਸੀਚੇਵਾਲ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਸਿਰਫ਼ ਧੂੰਆਂ ਹੀ ਨਹੀਂ ਫੈਲਦਾ, ਸਗੋਂ ਧਰਤੀ ਵੀ ਸੜਦੀ ਹੈ। ਖੇਤਾਂ ਵਿੱਚ ਅੱਗ ਲਗਾਉਣ ਨਾਲ ਮਿੱਟੀ ਦੇ ਪੋਸ਼ਕ ਤੱਤ ਨਸ਼ਟ ਹੁੰਦੇ ਹਨ ਅਤੇ ਕਈ ਛੋਟੇ ਜੀਵ-ਜੰਤੂਆਂ ਤੇ ਕਿਸਾਨਾਂ ਦੇ ਮਿੱਤਰ ਮੰਨੇ ਜਾਂਦੇ ਕੀੜਿਆਂ ਦਾ ਵੀ ਨੁਕਸਾਨ ਹੁੰਦਾ ਹੈ। ਇਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਦੇ ਨਾਲ-ਨਾਲ ਮਨੁੱਖੀ ਸਿਹਤ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਬਚਾਉਣਾ ਅਤੇ ਧਰਤੀ ਨੂੰ ਅੱਗ ਤੋਂ ਬਚਾਉਣਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਿਅਕਤੀ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਅੱਜ ਪਾਣੀ ਅਤੇ ਮਿੱਟੀ ਨੂੰ ਨਾ ਬਚਾਇਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਗੁਰਵਿੰਦਰ ਸਿੰਘ ਪਾਬਲਾ, ਸੰਗਠਨ ਇੰਚਾਰਜ ਕੇਸ਼ਵ ਸਿੰਘ ਸੈਣੀ, ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਹਰਿਕ੍ਰਿਸ਼ਨ ਸੈਣੀ, ਚੇਅਰਮੈਨ ਸੁਖਵਿੰਦਰਜੀਤ ਸਿੰਘ ਝਾਵਰ, ਕੌਂਸਲਰ ਸੇਠ ਰਾਮ ਸੇਠੀ, ਕੌਂਸਲਰ ਹਰਮੀਤ ਬੜੈਚ, ਕੌਂਸਲਰ ਗੁਰਬਖਸ਼ ਕੌਰ, ਡਾ. ਗੁਰਜੀਤ ਕੁਮਾਰ, ਅਮਨ ਘੁੰਮਣ, ਸਾਬਕਾ ਕੌਂਸਲਰ ਲਖਵਿੰਦਰ ਸਿੰਘ, ਅਨਿਲ ਗੋਰਾ, ਰਾਜਨ ਸੌਂਧੀ ਅਤੇ ਗੁਰਮੀਤ ਬਿੱਟੂ ਆਦਿ ਮੌਜੂਦ ਸਨ।