ਪੁਲਿਸ ਪ੍ਰਸ਼ਾਸਨ ਤੇ ਵਾਤਾਵਰਣ ਬਚਾਓ ਸੰਘਰਸ਼ ਕਮੇਟੀ ਵਿਚਾਲੇ ਸਹਿਮਤੀ ਪੁਲਿਸ ਪ੍ਰਸ਼ਾਸਨ ਅਤੇ ਵਾਤਾਵਰਨ ਬਚਾਓ, ਸੰਘਰਸ਼ ਕਮੇਟੀ ਵਿਚਕਾਰ ਸਹਿਮਤੀ
Publish Date: Wed, 30 Sep 2026 03:53 PM (IST)
Updated Date: Wed, 30 Sep 2026 03:54 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਆਉਣ ਵਾਲੇ ਓਵਰਲੋਡ ਟਿੱਪਰਾਂ ਨੂੰ ਨਿਯਮਾਂ ਅਨੁਸਾਰ ਚਲਾਉਣ ਅਤੇ ਦਿਨ ਦੇ ਸਮੇਂ ਟਿੱਪਰਾਂ ਦੀ ਆਵਾਜਾਈ ਨੂੰ ਨਿਯਮਬੱਧ ਕਰਨ ਦੀ ਮੰਗ ਨੂੰ ਲੈ ਕੇ ਵਾਤਾਵਰਨ ਬਚਾਓ, ਲੋਕ ਬਚਾਓ ਸੰਘਰਸ਼ ਕਮੇਟੀ ਵੱਲੋਂ 5 ਅਕਤੂਬਰ ਨੂੰ ਕੱਢਿਆ ਜਾਣ ਵਾਲਾ ਪ੍ਰਸਤਾਵਿਤ ਪੈਦਲ ਰੋਸ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫੈਸਲਾ ਪੁਲਿਸ ਪ੍ਰਸ਼ਾਸਨ ਅਤੇ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਬਣੀ ਸਹਿਮਤੀ ਤੋਂ ਬਾਅਦ ਲਿਆ ਗਿਆ। ਮੀਟਿੰਗ ਵਿੱਚ ਡੀਐੱਸਪੀ ਕਮਲਜੀਤ ਸਿੰਘ, ਇੰਸਪੈਕਟਰ ਗੁਰਪ੍ਰੀਤ ਸਿੰਘ ਇੰਚਾਰਜ ਸੀਆਈਏ, ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਅਤੇ ਚੌਕੀ ਇੰਚਾਰਜ ਸ਼ੈਰੀਨ ਚੇਚੀ ਸਮੇਤ ਪੁਲਿਸ ਅਧਿਕਾਰੀ ਹਾਜ਼ਰ ਸਨ। - ਦਿਨ ਵੇਲੇ ਟਿੱਪਰਾਂ ਦੀ ਆਵਾਜਾਈ ਰੋਕਣ ਸਬੰਧੀ ਭਰੋਸਾ ਮੀਟਿੰਗ ਦੌਰਾਨ ਸੰਘਰਸ਼ ਕਮੇਟੀ ਵੱਲੋਂ ਮੰਗ ਰੱਖੀ ਗਈ ਕਿ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰਾਂ ਦੀ ਆਵਾਜਾਈ ਨੂੰ ਨਿਰਧਾਰਿਤ ਨਿਯਮਾਂ ਅਨੁਸਾਰ ਕੀਤਾ ਜਾਵੇ। ਕਮੇਟੀ ਨੇ ਖਾਸ ਤੌਰ ’ਤੇ ਦਿਨ ਦੇ ਸਮੇਂ ਟਿੱਪਰਾਂ ਦੀ ਬੇਰੋਕ ਆਵਾਜਾਈ, ਓਵਰਲੋਡਿੰਗ, ਬਿਨਾਂ ਨੰਬਰਾਂ ਵਾਲੇ ਵਾਹਨਾਂ ਅਤੇ ਬਿਨਾਂ ਲੋੜੀਂਦੇ ਲਾਇਸੈਂਸ ਤੇ ਦਸਤਾਵੇਜ਼ਾਂ ਤੋਂ ਟਿੱਪਰ ਚਲਾਉਣ ਦਾ ਮੁੱਦਾ ਉਠਾਇਆ। ਪੁਲਿਸ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਕਿ ਗੜ੍ਹਸ਼ੰਕਰ-ਨੰਗਲ ਰੋਡ, ਨੈਣਵਾਂ ਰੋਡ, ਹੈਬੋਵਾਲ ਰੋਡ, ਬਾਥੜੀ ਰੋਡ ਅਤੇ ਮੈਹਿੰਦਵਾਣੀ ਰੋਡ ਸਮੇਤ ਇਲਾਕੇ ਦੀਆਂ ਸੜਕਾਂ ’ਤੇ ਦਿਨ ਦੇ ਸਮੇਂ ਟਿੱਪਰਾਂ ਦੀ ਆਵਾਜਾਈ ਸਬੰਧੀ ਨਿਰਧਾਰਤ ਹੁਕਮਾਂ ਨੂੰ ਲਾਗੂ ਕਰਵਾਇਆ ਜਾਵੇਗਾ। - ਟਿੱਪਰ ਹਾਦਸਿਆਂ ਦਾ ਮੁੱਦਾ ਵੀ ਉਠਾਇਆ ਮੀਟਿੰਗ ਵਿੱਚ ਸੜਕਾਂ ’ਤੇ ਟਿੱਪਰਾਂ ਦੀ ਆਵਾਜਾਈ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਕਮੇਟੀ ਵੱਲੋਂ ਕਿਹਾ ਗਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਅਨੁਸਾਰ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ ਅਤੇ ਦਿਨ ਵੇਲੇ ਟਿੱਪਰਾਂ ਦੀ ਆਵਾਜਾਈ, ਓਵਰਲੋਡਿੰਗ ਅਤੇ ਬਿਨਾਂ ਦਸਤਾਵੇਜ਼ਾਂ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਹੁੰਦੀ ਹੈ ਤਾਂ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਪੁਲਿਸ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਵਿੱਚ ਹੋਈ ਸਹਿਮਤੀ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਸੰਘਰਸ਼ ਕਮੇਟੀ ਨੇ ਇਹ ਰੋਸ ਮਾਰਚ ਫਿਲਹਾਲ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਨੂੰ ਦੇਖਣ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ। ਇਸ ਮੌਕੇ ਦਵਿੰਦਰ ਰਾਣਾ, ਸੁਰਿੰਦਰ ਪਾਲ, ਕੁਲਭੂਸ਼ਣ ਕੁਮਾਰ, ਪਵਨ ਸ਼ਰਮਾ, ਸਰਪੰਚ ਪਰਮਜੀਤ ਸਿੰਘ ਗੜੀਮਾਨਸੋਵਾਲ, ਸੁਸ਼ਿੰਦਰ ਰਾਣਾ, ਬਿੰਦੂ ਭੂੰਬਲਾ, ਰਾਮਜੀ ਦਾਸ ਚੌਹਾਨ, ਕਮਲ ਕਟਾਰੀਆ ਸੰਮਤੀ ਮੈਂਬਰ, ਸੰਜੀਵ ਕੁਮਾਰ, ਕੈਪਟਨ ਬਖਸ਼ੀਸ ਸਿੰਘ, ਤੀਰਥ ਸਿੰਘ ਮਾਨ, ਗੁਲਜਿੰਦਰ ਸਿੰਘ ਅਤੇ ਸੰਮਤੀ ਮੈਂਬਰ ਮੋਹਨ ਲਾਲ, ਮਨੀ ਬਿਲੜੋ ਸਮੇਤ ਹੋਰ ਮੈਂਬਰ ਆਦਿ ਹਾਜ਼ਰ ਸਨ।