ਪ੍ਰਾਇਮਰੀ ਅਤੇ ਮਿਡਲ ਸਕੂਲ ਥੇਂਦਾ ਚਿੱਪੜਾ ’ਚ ਚੋਰੀ ਫਾਇਲ 1 ਨਾਲ ਫ਼ੋਟੋ
Publish Date: Thu, 19 Nov 2026 03:55 PM (IST)
Updated Date: Thu, 19 Nov 2026 03:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਪਿੰਡ ਥੇਦਾ ਚਿੱਪੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਵਿੱਚ ਅਣਪਛਾਤੇ ਚੋਰਾਂ ਵੱਲੋਂ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਸਕੂਲ ਵਿੱਚੋਂ ਮਿਡ-ਡੇ-ਮੀਲ ਦਾ ਰਾਸ਼ਨ, ਕਣਕ, ਗੈਸ ਸਿਲੰਡਰ ਅਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ, ਜਦਕਿ ਸਕੂਲ ਅੰਦਰ ਮੌਜੂਦ ਅਲਮਾਰੀਆਂ ਅਤੇ ਦਰਵਾਜ਼ਿਆਂ ਦੇ ਜਿੰਦਰੇ ਤੋੜ ਕੇ ਸਾਮਾਨ ਦੀ ਫਰੋਲਾ-ਫਰਾਲੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਦੋਵੇਂ ਸਕੂਲਾਂ ਵਿੱਚ ਦਾਖ਼ਲ ਹੋਏ ਅਤੇ ਉੱਥੋਂ ਦੋ ਭਰੇ ਹੋਏ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ, ਜਦਕਿ ਇੱਕ ਖਾਲੀ ਸਿਲੰਡਰ ਮੌਕੇ ਤੇ ਛੱਡ ਗਏ। ਇਸ ਤੋਂ ਇਲਾਵਾ ਚੋਰਾਂ ਵੱਲੋਂ ਦੋਵੇਂ ਸਕੂਲਾਂ ਵਿੱਚ ਰੱਖਿਆ ਮਿਡ-ਡੇ-ਮੀਲ ਦਾ ਰਾਸ਼ਨ, ਕਣਕ ਅਤੇ ਵਰਤਣ ਵਾਲੇ ਭਾਂਡੇ ਵੀ ਚੋਰੀ ਕੀਤੇ ਗਏ ਹਨ। ਚੋਰਾਂ ਨੇ ਸਕੂਲ ਦੇ ਲਗਭਗ ਸਾਰੇ ਦਰਵਾਜ਼ਿਆਂ ਅਤੇ ਅਲਮਾਰੀਆਂ ਦੇ ਜਿੰਦਰੇ ਤੋੜ ਦਿੱਤੇ ਅਤੇ ਅੰਦਰ ਪਏ ਸਾਮਾਨ ਦੀ ਫਰੋਲਾ-ਫਰਾਲੀ ਕੀਤੀ। ਵਾਰਦਾਤ ਦੌਰਾਨ ਚੋਰਾਂ ਨੇ ਆਪਣੀ ਪਛਾਣ ਛੁਪਾਉਣ ਲਈ ਸਕੂਲਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਰੁਖ਼ ਉੱਪਰ ਵੱਲ ਕਰ ਦਿੱਤੇ, ਪਰ ਇਸ ਦੇ ਬਾਵਜੂਦ ਇੱਕ ਕੈਮਰੇ ਵਿੱਚ ਮੂੰਹ ਢੱਕੇ ਹੋਏ ਇੱਕ ਚੋਰ ਦੀ ਹਰਕਤ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਵਿੱਚ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਭਾਲ ਅਤੇ ਅਗਲੇਰੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।