ਕੰਡੀ ਇਲਾਕੇ ਦੇ ਪਿੰਡਾਂ ’ਚ ਮੋਬਾਈਲ ਨੈੱਟਵਰਕ ਦੀ ਮਾੜੀ ਸਹੂਲਤ ਕਾਰਨ ਲੋਕ ਪ੍ਰੇਸ਼ਾਨ ਕੰਡੀ ਇਲਾਕੇ ਦੇ ਪਿੰਡਾਂ ਵਿੱਚ ਮੋਬਾਈਲ ਨੈੱਟਵਰਕ ਦੀ ਮਾੜੀ ਸਹੂਲਤ ਕਾਰਨ ਲੋਕ ਪ੍ਰੇਸ਼ਾਨ
Publish Date: Thu, 12 Nov 2026 04:35 PM (IST)
Updated Date: Thu, 12 Nov 2026 04:36 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਜ਼ਿਲ੍ਹਾ ਹੁਸ਼ਿਆਰਪੁਰ ਦੇ ਕੰਡੀ ਇਲਾਕੇ ਦੇ ਪਿੰਡ ਦੇਹਰਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਮੋਬਾਈਲ ਨੈੱਟਵਰਕ ਦੀ ਮਾੜੀ ਸਹੂਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਖਪਤਕਾਰ ਡੈਮੋਕ੍ਰੇਟਿਕ ਮੂਵਮੈਂਟ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਲੋਕਾਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਨੈੱਟਵਰਕ ਕੰਪਨੀਆਂ ਦੀ ਕਾਰਗੁਜ਼ਾਰੀ ਦੀ ਸਖ਼ਤ ਨਿੰਦਾ ਕੀਤੀ। ਇਸ ਮੌਕੇ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਡਿਜੀਟਲ ਇੰਡੀਆ ਦੇ ਦਾਅਵਿਆਂ ਦੇ ਬਾਵਜੂਦ ਕੰਡੀ ਖੇਤਰ ਦੇ ਕਈ ਪਿੰਡ ਨੈੱਟਵਰਕ ਦੀਆਂ ਮਾੜੀਆਂ ਸੇਵਾਵਾਂ ਨਾਲ ਜੂਝ ਰਹੇ ਹਨ। ਲੋਕ ਅਗਾਊਂ ਰੀਚਾਰਜ ਕਰਵਾਉਣ ਅਤੇ ਸਰਕਾਰ ਨੂੰ ਜੀਐਸਟੀ ਦੇਣ ਦੇ ਬਾਵਜੂਦ ਸਹੀ ਸੇਵਾਵਾਂ ਤੋਂ ਵਾਂਝੇ ਹਨ। ਕਈ ਵਾਰ ਫੋਨ ਤੇ ਗੱਲ ਕਰਨ ਲਈ ਘਰਾਂ ਦੀਆਂ ਛੱਤਾਂ ਤੇ ਚੜ੍ਹਨਾ ਪੈਂਦਾ ਹੈ। ਨੈੱਟਵਰਕ ਦੀ ਸਮੱਸਿਆ ਕਾਰਨ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਆਨਲਾਈਨ ਪੜ੍ਹਾਈ ਅਤੇ ਹੋਰ ਜ਼ਰੂਰੀ ਕੰਮਾਂ ਲਈ ਵਿਦਿਆਰਥੀਆਂ ਨੂੰ ਸ਼ਹਿਰਾਂ ਦਾ ਰੁਖ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਘਰਾਂ ਤੋਂ ਕੰਮ ਕਰਨ ਦੇ ਚਾਹਵਾਨ ਨੌਜਵਾਨਾਂ ਅਤੇ ਲੜਕੀਆਂ ਨੂੰ ਵੀ ਮੁਸ਼ਕਲਾਂ ਆ ਰਹੀਆਂ ਹਨ। ਮਾੜੇ ਨੈੱਟਵਰਕ ਕਾਰਨ ਸਿਹਤ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਲੋਕ ਡਾਕਟਰਾਂ ਨਾਲ ਸੰਪਰਕ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਮੰਗ ਕੀਤੀ ਕਿ ਮੋਬਾਈਲ ਕੰਪਨੀਆਂ ਤਕਨੀਕੀ ਮਾਹਿਰਾਂ ਦੀਆਂ ਟੀਮਾਂ ਭੇਜ ਕੇ ਨੈੱਟਵਰਕ ਸੇਵਾਵਾਂ ਵਿੱਚ ਤੁਰੰਤ ਸੁਧਾਰ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਅਸ਼ੋਕ ਕੁਮਾਰ, ਸਤੀਸ਼ ਕੁਮਾਰ, ਰਾਮ ਦਿਆਲ, ਸੰਤੋਸ਼ ਕੁਮਾਰ, ਸਾਮੁਨਾ ਦੇਵੀ, ਦੀਪਕ ਕੁਮਾਰ, ਸੁਨੀਤਾ ਕੁਮਾਰੀ, ਕਮਲ, ਅਨੀਤਾ ਰਾਣੀ, ਸੀਮਾ ਰਾਣੀ, ਰਾਜ ਕੁਮਾਰ ਅਤੇ ਨੰਬਰਦਾਰ ਜਗਨ ਨਾਥ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।