- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਖੇਡਾਂ ਦੇ ਖੇਤਰ ਵਿੱਚ ਮੋਹਰੀ ਰਿਹਾ ਹੈ ਅਤੇ ਹੁਣ ਸੂਬੇ ਨੂੰ ਮੁੜ ਖੇਡਾਂ ਵਿੱਚ ਦੇਸ਼ ਦਾ ਮੋਹਰੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਖੇਡਾਂ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਨਵੀਂ ਦਿਸ਼ਾ ਦਿੱਤੀ ਹੈ। ਇਸ ਵਾਰ 7 ਲੱਖ ਤੋਂ ਵੱਧ ਖਿਡਾਰੀਆਂ ਨੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਅੱਜ ਹੁਸ਼ਿਆਰਪੁਰ ਦੇ ਲਾਜਵੰਤ ਸਟੇਡੀਅਮ ਵਿਚ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 04 ਦੇ ਸਮਾਪਤੀ ਸਮਾਰੋਹ ’ਤੇ ਮੁੱਖ ਮੰਤਰੀ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹਾਜ਼ਰ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਮੁੱਖ ਮੰਤਰੀ ਦੇ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਕਰਮਵੀਰ ਸਿੰਘ ਘੁੰਮਣ, ਡਾ ਇਸ਼ਾਂਕ ਕੁਮਾਰ, ਜਸਵੀਰ ਸਿੰਘ ਰਾਜਾ ਨੇ ਕੀਤੀ।
ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਖੇਡਾਂ ਦੇ ਖੇਤਰ ਵਿੱਚ ਮੋਹਰੀ ਰਿਹਾ ਹੈ ਅਤੇ ਹੁਣ ਸੂਬੇ ਨੂੰ ਮੁੜ ਖੇਡਾਂ ਵਿੱਚ ਦੇਸ਼ ਦਾ ਮੋਹਰੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਖੇਡਾਂ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਨਵੀਂ ਦਿਸ਼ਾ ਦਿੱਤੀ ਹੈ। ਇਸ ਵਾਰ 7 ਲੱਖ ਤੋਂ ਵੱਧ ਖਿਡਾਰੀਆਂ ਨੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਰਹੀ ਕਿ ਇੱਕੋ ਮੈਦਾਨ ਵਿੱਚ ਤਿੰਨ ਪੀੜ੍ਹੀਆਂ ਖੇਡਦੀਆਂ ਨਜ਼ਰ ਆਈਆਂ। 60 ਸਾਲ ਤੋਂ ਵੱਧ ਉਮਰ ਦਾ ਦਾਦਾ, 40 ਸਾਲ ਤੋਂ ਵੱਧ ਉਮਰ ਦਾ ਉਸ ਦਾ ਪੁੱਤਰ ਅਤੇ 10 ਤੋਂ 20 ਸਾਲ ਉਮਰ ਵਰਗ ਵਿੱਚ ਉਸ ਦਾ ਪੋਤਾ ਇੱਕੋ ਖੇਡ ਮੈਦਾਨ ਵਿੱਚ ਆਪਣੀ ਖੇਡ ਪ੍ਰਤਿਭਾ ਦਿਖਾ ਰਿਹਾ ਸੀ। ਇਹ ਪੰਜਾਬ ਵਿੱਚ ਮੁੜ ਪਰਤ ਰਹੇ ਖੇਡ ਸੱਭਿਆਚਾਰ ਦੀ ਵੱਡੀ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਸ਼ਿਆਂ ਦੇ ਕਲੰਕ ਅਤੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਲਾਇਨ ਕਾਰਨ ਖੇਡ ਮੈਦਾਨਾਂ ਦੀ ਰੌਣਕ ਘਟੀ ਸੀ, ਪਰ ਹੁਣ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਰਕਾਰ ਦੀ ਤਰਜੀਹ ਹੈ।
ਪਟਿਆਲਾ ਬਣਿਆ ਓਵਰਆਲ ਚੈਂਪੀਅਨ
ਖੇਡਾਂ ਵਤਨ ਪੰਜਾਬ ਦੀਆਂ ਦੇ 39 ਖੇਡ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਚੈਂਪੀਅਨ ਟਰਾਫੀ ਆਪਣੇ ਨਾਮ ਕੀਤੀ। ਪਟਿਆਲਾ ਨੇ 255 ਸੋਨੇ, 101 ਚਾਂਦੀ ਅਤੇ 323 ਕਾਂਸੀ ਸਮੇਤ ਕੁੱਲ 829 ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਨੇ 206 ਸੋਨੇ, 164 ਚਾਂਦੀ ਅਤੇ 168 ਕਾਂਸੀ ਸਮੇਤ ਕੁੱਲ 538 ਮੈਡਲ ਜਿੱਤ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੁਧਿਆਣਾ ਜ਼ਿਲ੍ਹੇ ਨੇ 204 ਸੋਨੇ, 166 ਚਾਂਦੀ ਅਤੇ 217 ਕਾਂਸੀ ਸਮੇਤ ਕੁੱਲ 587 ਮੈਡਲ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਵਾਰ ਪਹਿਲੀ ਵਾਰ ਕਰਵਾਈਆਂ ਗਈਆਂ ਪੈਰਾ ਖੇਡਾਂ ਵਿੱਚ ਮੋਹਾਲੀ ਨੇ ਓਵਰਆਲ ਚੈਂਪੀਅਨ ਟਰਾਫੀ ਜਿੱਤੀ। ਮੋਹਾਲੀ ਨੇ 28 ਸੋਨੇ, 18 ਚਾਂਦੀ ਅਤੇ 10 ਕਾਂਸੀ ਸਮੇਤ 56 ਮੈਡਲ ਹਾਸਲ ਕੀਤੇ। ਪਟਿਆਲਾ 37 ਮੈਡਲਾਂ ਨਾਲ ਦੂਜੇ ਅਤੇ ਲੁਧਿਆਣਾ 50 ਮੈਡਲਾਂ ਨਾਲ ਤੀਜੇ ਸਥਾਨ ’ਤੇ ਰਿਹਾ।
ਇਸ ਤਰ੍ਹਾਂ ਪਟਿਆਲਾ ਨੇ ਮੁੱਖ ਖੇਡ ਮੁਕਾਬਲਿਆਂ ਵਿੱਚ ਆਪਣੀ ਸਰਦਾਰੀ ਸਾਬਤ ਕੀਤੀ, ਜਦਕਿ ਪੈਰਾ ਖੇਡਾਂ ਵਿੱਚ ਮੋਹਾਲੀ ਨੇ ਬਾਜ਼ੀ ਮਾਰੀ।
ਮੁੱਖ ਮੰਤਰੀ ਨੇ ਖੇਡ ਵਿਭਾਗ ਦੇ ਅਧਿਕਾਰੀਆਂ, ਪ੍ਰਬੰਧਕਾਂ, ਕੋਚਾਂ, ਰੈਫਰੀਆਂ ਅਤੇ ਅੰਪਾਇਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡ ਕਿੱਟਾਂ, ਖੁਰਾਕ, ਡਾਇਟ ਅਤੇ ਮੈਦਾਨਾਂ ਦੇ ਪ੍ਰਬੰਧਾਂ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਦੀ ਸਫਲ ਮੇਜ਼ਬਾਨੀ ਤੋਂ ਬਾਅਦ ਹੁਣ ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਵੀ ਦਾਅਵਾ ਪੇਸ਼ ਕੀਤਾ ਗਿਆ ਹੈ। ਇਸ ਮੁਕਾਬਲੇ ਵਿੱਚ 24 ਦੇਸ਼ਾਂ ਦੀਆਂ ਟੀਮਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਮਿਲਖਾ ਸਿੰਘ ਅਤੇ ਦਾਰਾ ਸਿੰਘ ਵਰਗੀਆਂ ਮਹਾਨ ਖੇਡ ਹਸਤੀਆਂ ਦੀ ਧਰਤੀ ਹੈ ਅਤੇ ਸੂਬਾ ਆਪਣੀ ਇਸ ਖੇਡ ਵਿਰਾਸਤ ਨੂੰ ਮੁੜ ਬੁਲੰਦੀਆਂ ’ਤੇ ਲੈ ਕੇ ਜਾਵੇਗਾ।