ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਵਲੋਂ ਸਰਕਾਰੀ ਦਫ਼ਤਰ ’ਚ ਪਾਰਟੀ ਮੀਟਿੰਗ ਨੇ ਫੜਿਆ ਤੂਲ ਵਿਧਾਇਕ ਅਤੇ ਜਿਲ੍ਹਾ ਪ੍ਰਧਾਨ ਵਲੋਂ ਸਰਕਾਰੀ ਦਫ਼ਤਰ ’ਚ ਪਾਰਟੀ ਮੀਟਿੰਗ ਨੇ ਫੜਿਆ ਤੂਲ
Publish Date: Sun, 15 Nov 2026 06:12 PM (IST)
Updated Date: Mon, 16 Nov 2026 04:01 AM (IST)
ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ‘ਆਪ’ਪਾਰਟੀ ਵਰਕਰਾਂ ਨਾਲ ਮੀਟਿੰਗ, ਸਰਕਾਰੀ ਇਮਾਰਤਾਂ ਦੀ ਸਿਆਸੀ ਵਰਤੋਂ ਨੂੰ ਲੈ ਕੇ ਵਿਵਾਦ ਭਖਿਆ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਰਕਾਰੀ ਇਮਾਰਤਾਂ ਅਤੇ ਦਫ਼ਤਰਾਂ ਦੀ ਵਰਤੋਂ ਸਿਆਸੀ ਸਰਗਰਮੀਆਂ ਲਈ ਕੀਤੇ ਜਾਣ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਇਸ਼ਾਂਕ ਚੱਬੇਵਾਲ ਅਤੇ ਜਿਲ੍ਹਾ ਪ੍ਰਧਾਨ ਜਸਪਾਲ ਚੇਚੀ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਹੁਸ਼ਿਆਰਪੁਰ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜ ਲਿਆ ਹੈ। ਇਸ ਮੀਟਿੰਗ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਕਿ ਕੀ ਕਿਸੇ ਚੁਣੇ ਹੋਏ ਨੁਮਾਇੰਦੇ ਵੱਲੋਂ ਸਰਕਾਰੀ ਦਫ਼ਤਰ ਦੀ ਇਮਾਰਤ ਨੂੰ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਲਈ ਵਰਤਿਆ ਜਾ ਸਕਦਾ ਹੈ? ਕੀ ਹੈ ਮਾਮਲਾ ਆਮ ਆਦਮੀ ਪਾਰਟੀ ਵਲੋਂ ਆਪਣੀ ਪਾਰਟੀ ਦਾ 26 ਨਵੰਬਰ ਨੂੰ ਸਥਾਪਨਾ ਦਿਵਸ ਮੋਗਾ ਵਿਖੇ ਮਨਾਉਣ ਲਈ ਰੈਲੀ ਕੀਤੀ ਜਾ ਰਹੀ ਹੈ। ਇਸ ਸਬੰਧੀ ਅੱਜ ਜਿਲ੍ਹਾ ਆਪ ਕਮੇਟੀ ਦੇ ਆਹੁਦੇਦਾਰਾਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਕੀਤੀ ਗਈ ਸੀ। ਇਸ ਮੀਟਿੰਗ ਦੌਰਾਨ ਜਿਲ੍ਹਾ ਅਤੇ ਜਿਲ੍ਹੇ ਦੇ ਸਾਰੇ ਹਲਕਿਆਂ ਤੋਂ ਵੱਖ ਵੱਖ ਵਾਹਨ ਮੋਗਾ ਰੈਲੀ ਵਿਚ ਲੈ ਕੇ ਜਾਣ ਲਈ ਮੀਟਿੰਗ ਕਰਕੇ ਵਰਕਰਾਂ ਅਤੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਕਰਨ ਤੋਂ ਪਹਿਲਾਂ ਨਾ ਤਾਂ ਸਮੱਰਥ ਅਧਿਕਾਰੀ ਅਤੇ ਨਾ ਹੀ ਚੋਣ ਕਮਿਸ਼ਨ ਤੋਂ ਕੋਈ ਮਨਜ਼ੂਰੀ ਲਈ ਗਈ। ਜ਼ਿਕਰਯੋਗ ਹੈ ਕਿ ਸਰਕਾਰੀ ਇਮਾਰਤਾਂ ਜਨਤਾ ਦੇ ਪੈਸੇ ਨਾਲ ਚੱਲਦੀਆਂ ਹਨ ਅਤੇ ਇਨ੍ਹਾਂ ਦੀ ਵਰਤੋਂ ਸਰਕਾਰੀ ਕੰਮਕਾਜ ਅਤੇ ਲੋਕ ਸੇਵਾਵਾਂ ਲਈ ਕੀਤੀ ਜਾਂਦੀ ਹੈ। ਕਿਸੇ ਵੀ ਸਿਆਸੀ ਪਾਰਟੀ ਨੂੰ ਸਰਕਾਰੀ ਸਰੋਤਾਂ ਦੀ ਵਰਤੋਂ ਵਿੱਚ ਵਿਸ਼ੇਸ਼ ਤਰਜੀਹ ਦੇਣ ਦਾ ਸਵਾਲ ਲੋਕਤੰਤਰਕ ਪ੍ਰਬੰਧ ਅਤੇ ਪ੍ਰਸ਼ਾਸਨਿਕ ਨਿਰਪੱਖਤਾ ਨਾਲ ਜੁੜਿਆ ਹੋਇਆ ਹੈ। ਚੋਣ ਜ਼ਾਬਤਾ ਲਾਗੂ ਹੋਣ ਦੀ ਸਥਿਤੀ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਹੋਰ ਵੀ ਮਹੱਤਵਪੂਰਨ ਹੋ ਜਾਂਦੀਆਂ ਹਨ। ਇਸ ਘਟਨਾ ਤੋਂ ਬਾਅਦ ਇਹ ਚਰਚਾ ਵੀ ਛਿੜ ਗਈ ਹੈ ਕਿ ਜੇਕਰ ਸੱਤਾਧਾਰੀ ਪਾਰਟੀ ਦੇ ਵਿਧਾਇਕ ਸਰਕਾਰੀ ਦਫ਼ਤਰਾਂ ਵਿੱਚ ਪਾਰਟੀ ਮੀਟਿੰਗਾਂ ਕਰਨਗੇ ਤਾਂ ਹੋਰਨਾਂ ਸਿਆਸੀ ਪਾਰਟੀਆਂ ਨੂੰ ਵੀ ਕੀ ਇਸੇ ਤਰ੍ਹਾਂ ਦੀ ਸਹੂਲਤ ਮਿਲੇਗੀ? ਕੀ ਕਹਿੰਦੇ ਹਨ ਹਨ ਐਡਵੋਕੇਟ ਕਾਂਗਰਸੀ ਆਗੂ ਰਣਜੀਤ ਕੁਮਾਰ ਇਸ ਸਬੰਧੀ ਕਾਂਗਰਸੀ ਆਗੂ ਅਤੇ ਹਲਕਾ ਇੰਚਾਰਜ ਚੱਬੇਵਾਲ ਐਵੋਕੇਟ ਰਣਜੀਤ ਕੁਮਾਰ ਮੀਟਿੰਗ ਲਈ ਕਿਸ ਅਧਿਕਾਰੀ ਤੋਂ ਇਜਾਜ਼ਤ ਲਈ ਗਈ ਸੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਪਾਰਟੀ ਵਰਕਰਾਂ ਦੇ ਇਕੱਠ ਦੀ ਮਨਜ਼ੂਰੀ ਕਿਸ ਨਿਯਮ ਤਹਿਤ ਦਿੱਤੀ ਗਈ? ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਰੇ ਅੰਦਰ ਸਾਰੇ ਪ੍ਰੋਟੋਕੇਲ ਤੋੜ ਦਿੱਤੇ ਹਨ। ਸਰਕਾਰੀ ਦਫ਼ਤਰਾਂ ਨੂੰ ਆਪਣਾ ਘਰ ਹੀ ਬਣਾ ਲਿਆ ਹੈ । ਉਨ੍ਹਾਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸਪੱਸ਼ਟ ਕੀਤਾ ਜਾਵੇ ਕਿ ਮੀਟਿੰਗ ਦੀ ਮਨਜ਼ੂਰੀ ਕਿਸ ਨੇ ਦਿੱਤੀ ਅਤੇ ਕੀ ਸਰਕਾਰੀ ਇਮਾਰਤ ਦੀ ਵਰਤੋਂ ਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ। ਕੀ ਕਹਿੰਦੇ ਹਨ ਜਿਲ੍ਹਾ ਪ੍ਰਧਾਨ ਇਸ ਸਬੰਧੀ ਜਿਲ੍ਹਾ ਪ੍ਰਧਾਨ ਜਸਪਾਲ ਚੇਚੀ ਨੇ ਦੱਸਿਆ ਕਿ ਉਨ੍ਹਾਂ 26 ਨਵੰਬਰ ਦੀ ਪਾਰਟੀ ਸਥਾਪਨਾ ਦਿਵਸ ਸਬੰਧੀ ਮੀਟਿੰਗ ਕੀਤੀ ਹੈ। ਜਦੋਂ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੀ ਵਰਤੋਂ ਸਬੰਧੀ ਪੁੱਛਿਆ ਤਾਂ ਉਹ ਪਾਸਾ ਵੱਟ ਗਏ।