ਦਸਮੇਸ਼ ਕਾਲਜ ਨੇ ਓਵਰਆਲ ਰਨਰ-ਅੱਪ ਟਰਾਫ਼ੀ ’ਤੇ ਕੀਤਾ ਕਬਜ਼ਾ ਦਸਮੇਸ਼ ਕਾਲਜ ਨੇ ਓਵਰਆਲ ਰਨਰ-ਅੱਪ ਟਰਾਫ਼ੀ ’ਤੇ ਕੀਤਾ ਕਬਜ਼ਾ
Publish Date: Wed, 11 Nov 2026 04:15 PM (IST)
Updated Date: Wed, 11 Nov 2026 04:18 PM (IST)
ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ’ਚ ਕੁਲ 45 ਇਨਾਮ ਜਿੱਤੇ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ: ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐੱਸਜੀਜੀਐੱਸ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਏ ਜ਼ੋਨਲ ਯੁਵਕ ਤੇ ਵਿਰਾਸਤੀ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਚਾਰ ਰੋਜ਼ਾ ਇਸ ਮੇਲੇ ਵਿੱਚ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਕੁੱਲ 45 ਇਨਾਮ ਜਿੱਤ ਕੇ ਓਵਰਆਲ ਪਹਿਲੀ ਰਨਰ-ਅੱਪ ਟਰਾਫ਼ੀ ਆਪਣੇ ਨਾਮ ਕੀਤੀ। ਉਨ੍ਹਾਂ 16 ਪਹਿਲੇ, 11 ਦੂਜੇ ਅਤੇ 18 ਤੀਜੇ ਸਥਾਨ ਹਾਸਲ ਕਰਕੇ ਆਪਣੀ ਬਹੁਪੱਖੀ ਪ੍ਰਤਿਭਾ ਦਾ ਲੋਹਾ ਮਨਵਾਇਆ। ਮੇਲੇ ਦੌਰਾਨ ਵਿਦਿਆਰਥਣਾਂ ਨੇ ਸੰਗੀਤ, ਸਾਹਿਤ, ਨਾਚ, ਰੰਗਮੰਚ, ਲਲਿਤ ਕਲਾਵਾਂ ਅਤੇ ਵਿਰਾਸਤੀ ਕਲਾਵਾਂ ਨਾਲ ਸਬੰਧਤ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। ਪਹਿਲੇ ਦਿਨ ਗਰੁੱਪ ਭਜਨ ਅਤੇ ਸੰਸਕ੍ਰਿਤ ਹੈਂਡਰਾਈਟਿੰਗ ਵਿੱਚ ਪਹਿਲਾ ਸਥਾਨ, ਗੀਤ-ਗ਼ਜ਼ਲ, ਲੇਖ ਲਿਖਣ ਅਤੇ ਹਿੰਦੀ ਹੈਂਡਰਾਈਟਿੰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਦੂਜੇ ਦਿਨ ਕਲਾਸੀਕਲ ਡਾਂਸ, ਗਰੁੱਪ ਡਾਂਸ, ਲੁੱਡੀ ਅਤੇ ਰੰਗੋਲੀ ਵਿੱਚ ਪਹਿਲੇ ਸਥਾਨ ਹਾਸਲ ਕੀਤੇ। ਤੀਜੇ ਦਿਨ ਬਾਗ਼, ਨਿਟਿੰਗ, ਪੱਖੀ ਮੇਕਿੰਗ ਅਤੇ ਕਰਾਸ ਸਟਿੱਚ ਵਿੱਚ ਜਿੱਤ ਦਰਜ ਕੀਤੀ, ਜਦਕਿ ਚੌਥੇ ਦਿਨ ਪਰਾਂਦਾ ਬਣਾਉਣ, ਮਿੱਟੀ ਦੇ ਖਿਡੌਣੇ ਬਣਾਉਣ ਅਤੇ ਰੱਸਾ ਵੱਟਣ ਵਿੱਚ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਹੋਰਨਾਂ ਮੁਕਾਬਲਿਆਂ ਵਿੱਚ ਵੀ ਵਿਦਿਆਰਥਣਾਂ ਨੇ ਦੂਜੇ ਅਤੇ ਤੀਜੇ ਸਥਾਨ ਹਾਸਲ ਕੀਤੇ। ਇਸ ਮਾਣਮੱਤੀ ਪ੍ਰਾਪਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟ ਮੈਂਬਰਾਂ ਨੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਤੂ ਮਹਾਜਨ, ਕੋਆਰਡੀਨੇਟਰ ਡਾ. ਮਨਿੰਦਰ ਕੌਰ, ਸਹਾਇਕ ਮੈਂਬਰਾਂ ਪ੍ਰੋ. ਮੋਨਿਕਾ, ਪ੍ਰੋ. ਸੁਰਭੀ ਅਤੇ ਸਮੂਹ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥਣਾਂ ਨੂੰ ਆਪਣੀ ਕਲਾ, ਸਿਰਜਣਾਤਮਕਤਾ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਇਸ ਮੌਕੇ ਸਤਪਾਲ ਸਿੰਘ, ਹਰਪਾਲ ਸਿੰਘ, ਡਾਇਰੈਕਟਰ ਬਿਕਰਮ ਸਿੰਘ ਅੱਲ੍ਹਾ ਬਖ਼ਸ਼, ਸੁਰਜੀਤ ਸਿੰਘ ਭੱਟੀਆਂ, ਹਰਮਨਜੀਤ ਸਿੰਘ ਚੱਕ, ਕੁਲਦੀਪ ਸਿੰਘ, ਹਰਿੰਦਰਜੀਤ ਸਿੰਘ, ਦਵਿੰਦਰ ਸਿੰਘ, ਗੁਰਦੀਪ ਸਿੰਘ ਅਤੇ ਅਜੀਤ ਸਿੰਘ ਸਚਦੇਵਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।