ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ’ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
Publish Date: Fri, 06 Nov 2026 04:12 PM (IST)
Updated Date: Fri, 06 Nov 2026 04:14 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਪੋਲਟਰੀ ਫਾਰਮਾਂ, ਰਾਈਸ ਸ਼ੈਲਰਾਂ, ਭੱਠਿਆਂ ਅਤੇ ਹੋਰ ਉਦਯੋਗਾਂ ਦੇ ਮਾਲਕਾਂ ਨੂੰ ਆਪਣੇ ਕੋਲ ਕੰਮ ਕਰਨ ਵਾਲੇ ਨੌਕਰਾਂ ਅਤੇ ਕਰਮਚਾਰੀਆਂ ਦਾ ਨਾਮ, ਪੂਰਾ ਪਤਾ, ਤਿੰਨ ਫੋਟੋਆਂ ਅਤੇ ਫਿੰਗਰ ਪ੍ਰਿੰਟ ਰਜਿਸਟਰ ਵਿੱਚ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਇਹ ਰਿਕਾਰਡ ਸਬੰਧਤ ਥਾਣੇ ਜਾਂ ਪੁਲਿਸ ਚੌਕੀ ਵਿੱਚ ਵੀ ਦਰਜ ਕਰਵਾਉਣਾ ਲਾਜ਼ਮੀ ਹੋਵੇਗਾ। ਮਕਾਨਾਂ ਅਤੇ ਦੁਕਾਨਾਂ ਨੂੰ ਕਿਰਾਏ ’ਤੇ ਦੇਣ ਵਾਲੇ ਮਾਲਕਾਂ ਨੂੰ ਕਿਰਾਏਦਾਰਾਂ ਦਾ ਵੇਰਵਾ ਪੁਲਿਸ ਕੋਲ ਦਰਜ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ ਹਨ। ਜ਼ਿਲ੍ਹੇ ਦੇ ਡੀਲਿਸਟ ਖੇਤਰਾਂ ਵਿੱਚ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਦਰੱਖਤ ਕੱਟਣ ’ਤੇ ਪਾਬੰਦੀ ਲਗਾਈ ਗਈ ਹੈ। ਵਿਸ਼ੇਸ਼ ਹਾਲਾਤ ਵਿੱਚ ਜੰਗਲਾਤ ਵਿਭਾਗ ਦੀ ਮਨਜ਼ੂਰੀ ਲੈਣੀ ਹੋਵੇਗੀ। ਹੋਰ ਖੇਤਰਾਂ ਵਿੱਚ ਇਨ੍ਹਾਂ ਦਰੱਖਤਾਂ ਨੂੰ ਕੱਟਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਮਿਲਟਰੀ ਹਰੇ ਰੰਗ ਦੀਆਂ ਜੀਪਾਂ, ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਆਰਮਡ ਫੋਰਸਿਜ਼, ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ. ਦੀ ਵਰਦੀ ਦੀ ਅਣਅਧਿਕਾਰਤ ਵਰਤੋਂ ਅਤੇ ਖਰੀਦ-ਵੇਚ ’ਤੇ ਵੀ ਰੋਕ ਰਹੇਗੀ। ਹੁਕਮਾਂ ਅਨੁਸਾਰ ਨਹਿਰਾਂ, ਚੋਆਂ ਅਤੇ ਦਰਿਆ ਬਿਆਸ ਦੇ ਧੁੱਸੀ ਬੰਨ੍ਹਾਂ ’ਤੇ ਪਸ਼ੂਆਂ ਨੂੰ ਪਾਣੀ ਪਿਲਾਉਣ ਜਾਂ ਨਹਾਉਣ ਅਤੇ ਸੜਕਾਂ ਤੇ ਜਨਤਕ ਥਾਵਾਂ ’ਤੇ ਚਰਾਉਣ ’ਤੇ ਵੀ ਪਾਬੰਦੀ ਲਗਾਈ ਗਈ ਹੈ। ਇਸੇ ਤਰ੍ਹਾਂ 18-ਐਮੂਨੀਸ਼ਨ ਡਿਪੂ, ਉੱਚੀ ਬੱਸੀ, ਤਹਿਸੀਲ ਦਸੂਹਾ ਦੀ ਬਾਹਰਲੀ ਚਾਰਦੀਵਾਰੀ ਦੇ 914 ਮੀਟਰ ਦੇ ਘੇਰੇ ਅੰਦਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ ਪੂਰਨ ਰੋਕ ਲਗਾਈ ਗਈ ਹੈ। ਇਹ ਹੁਕਮ 7 ਜਨਵਰੀ 2027 ਤੱਕ ਲਾਗੂ ਰਹਿਣਗੇ।